ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਸੁਵਿਧਾ ਕੈਂਪ 24 ਨਵੰਬਰ ਨੂੰ ਪਿੰਡ ਮਹਾਤਮ ਨਗਰ ਵਿੱਚ ਲੱਗੇਗਾ : ਡਿਪਟੀ ਕਮਿਸ਼ਨਰ

0

ਫਾਜ਼ਿਲਕਾ, 22 ਨਵੰਬਰ 2021 : ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਚਲਾਈ ਜਾ ਰਹੀ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ 24 ਨਵੰਬਰ ਨੂੰ ਸਵੇਰੇ 10 ਵਜੇ ਤੋ ਦੁਪਹਿਰ 3 ਵਜੇ ਤੱਕ ਗਰਾਮ ਪੰਚਾਇਤ ਮਹਾਤਮ ਨਗਰ, ਬਲਾਕ ਫਾਜ਼ਿਲਕਾ ਵਿਖੇ ਕੈਂਪ ਲਗਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈ.ਏ.ਐਸ. ਨੇ ਦਿੱਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਨਵਲ ਰਾਮ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਵੱਖ ਵੱਖ ਵਿਭਾਗਾਂ ਵੱਲੋਂ  ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਅਤੇ ਯੋਜਨਾਵਾਂ ਤੋਂ ਵਾਂਝੇ ਰਹਿ ਗਏ ਯੋਗ ਲਾਭਪਾਤਰੀਆਂ ਦੇ ਫਾਰਮ ਭਰ ਕੇ ਮੌਕੇ ਤੇ ਹੀ ਨਿਰੀਖਣ ਕਰਕੇ ਸਰਕਾਰੀ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ ।

ਉਨਾਂ ਦੱਸਿਆ ਕਿ ਇਸ ਸੁਵਿਧਾ ਕੈਂਪ ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਵੀ ਕਰਵਾਇਆ ਜਾਵੇਗਾ । ਇਸ ਤੋਂ ਇਲਾਵਾ ਭਲਾਈ ਵਿਭਾਗ, ਪੇਂਡੂ ਵਿਕਾਸ, ਬਿਜਲੀ ਬੋਰਡ, ਲੇਬਰ ਵਿਭਾਗ, ਉਦਯੋਗ ਵਿਭਾਗ, ਲੀਡ ਬੈਂਕ, ਸਿਹਤ ਵਿਭਾਗ ਸਮੇਤ ਵੱਖ ਵੱਖ ਕਰਜ਼ਿਆਂ ਨਾਲ ਸਬੰਧਤ ਵਿਭਾਗ ਆਦਿ ਵੱਲੋਂ ਆਪਣੇ ਆਪਣੇ ਨੁਮਾਇੰਦੇ ਭੇਜ ਕੇ ਲੋੜਵੰਦਾਂ ਦੇ ਮੌਕੇ ਤੇ ਫਾਰਮ ਭਰ ਕੇ ਉਨਾਂ ਨੂੰ ਵੱਖ ਵੱਖ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇਗਾ ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਉਦੇਸ਼ ਕਮਜ਼ੋਰ ਵਰਗਾਂ ਲਈ ਸਮਾਜਿਕ ਨਿਆਂ ਸੁਨਿਸ਼ਚਿਤ ਕਰਨਾ, ਸਮਾਜ ਦੇ ਸਾਰੇ ਵਰਗਾਂ ਦੇ ਸੰਪੂਰਨ ਵਿਕਾਸ ਅਤੇ ਸਮਾਨਤਾ ਨੂੰ ਯਕੀਨੀ ਬਣਾਉਣਾ, ਸਾਧਨਹੀਣ ਅਤੇ ਵਚਿੱਤਰ ਵਰਗਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਤੋਂ ਇਲਾਵਾ ਜੀਵਨ ਦੀ ਗੁਣਵੱਤਾ ਨੂੰ ਸੁਧਾਰਨ ਲਈ ਬਿਹਤਰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ । ਉਨਾਂ ਵੱਖ ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਇਨਾਂ ਕੈਂਪਾਂ ਵਿੱਚ ਜਾ ਕੇ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਦੀ ਵੀ ਅਪੀਲ ਕੀਤੀ।

About The Author

Leave a Reply

Your email address will not be published. Required fields are marked *