ਸਵਰਨਿਮ ਵਿਜੇ ਵਰਸ਼ ਸਮਾਰੋਹ: 1971 ‘ਚ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦਾ ਪ੍ਰਤੀਕ ਜੰਗੀ ਜਿੱਤ ਦੀ ਮਸ਼ਾਲ ਪਟਿਆਲਾ ਪੁੱਜੀ

0

ਪਟਿਆਲਾ, 20 ਨਵੰਬਰ 2021 :  1971 ਵਿੱਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੀ ਪ੍ਰਤੀਕ ‘ਸਵਰਨਿਮ ਵਿਜੇ ਮਸ਼ਾਲ’ ਅੱਜ ਪਟਿਆਲਾ ਪਹੁੰਚੀ। ਇਸ ਮਸ਼ਾਲ ਦਾ ਪਟਿਆਲਾ ਪੁੱਜਣ ‘ਤੇ ਖੜਗਾ ਕੋਰ ਦਾ ਹਿੱਸਾ, ਏਅਰਾਵਤ ਡਿਵੀਜ਼ਨ ਦੇ ਜਨਰਲ ਅਫ਼ਸਰ ਕਮਾਂਡਿੰਗ ਮੇਜਰ ਜਨਰਲ ਮੋਹਿਤ ਮਲਹੋਤਰਾ, ਐਸ.ਐਮ., ਨੇ ਇਸ ਦਾ ਸਵਾਗਤ ਕਰਕੇ ਸਨਮਾਨ ਦਿੱਤਾ। ਸਮਾਗਮ ਵਿੱਚ ਉੱਘੇ ਫੌਜੀ ਅਤੇ ਸਿਵਲ ਸ਼ਖ਼ਸੀਅਤਾਂ ਮੌਜੂਦ ਸਨ।

ਭਾਰਤੀ ਫ਼ੌਜ ਦੇ ਇੱਕ ਬੁਲਾਰੇ ਨੇ ਦੱਸਿਆ ਕਿ 1971 ਦੀ ਭਾਰਤ-ਪਾਕਿ ਜੰਗ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੀ ਸ਼ਾਨਦਾਰ ਜਿੱਤ ਦੀ 50 ਸਾਲਾ ਯਾਦ ਵਿੱਚ, ਸਾਲ 2020-21 ‘ਸਵਰਨਿਮ ਵਿਜੇ ਵਰਸ਼’ ਵਜੋਂ 16 ਦਸੰਬਰ 2020 ਤੋਂ 16 ਦਸੰਬਰ 2021 ਤੱਕ ਮਨਾਇਆ ਜਾ ਰਿਹਾ ਹੈ। ਭਾਰਤੀ ਫ਼ੌਜ ਵੱਲੋਂ 16 ਦਸੰਬਰ ਨੂੰ ਭਾਰਤੀ ਹਥਿਆਰਬੰਦ ਬਲਾਂ ਦੇ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ, ਲੰਘੇ ਵਰ੍ਹੇ ਇਸ ਦਿਨ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ 1971 ਦੀ ਭਾਰਤ-ਪਾਕਿ ਜੰਗ ਦੇ ਸਾਬਕਾ ਸੈਨਿਕਾਂ ਨੂੰ, ਜਿੱਤ ਦੀਆਂ ਚਾਰ ਮਸ਼ਾਲਾਂ ਲਾਟਾਂ ਸੌਂਪੀਆਂ।ਇਸੇ ਵਰ੍ਹੇ ਦਸੰਬਰ ਮਹੀਨੇ ਨਵੀਂ ਦਿੱਲੀ ਵਾਪਸ ਪਰਤਣ ਵਾਲੀਆਂ ਅਤੇ ਦੇਸ਼ ਦੀਆਂ ਚਾਰੋ ਦਿਸ਼ਾਵਾਂ ‘ਚ ਜਾਣ ਵਾਲੀਆਂ ਜਿੱਤ ਦੀਆਂ ਇਹ ਮਸ਼ਾਲਾਂ, ਨੈਸ਼ਨਲ ਵਾਰ ਮੈਮੋਰੀਅਲ ਵਿਖੇ ਜਗਦੀ ਸਦੀਵੀ ਲਾਟ ਤੋਂ ਜਗਾਈਆਂ ਗਈਆਂ ਹਨ।

                       

ਬੁਲਾਰੇ ਮੁਤਾਬਕ ਇਸ ਜੰਗੀ ਜਿਤ ਦੀ ਮਸ਼ਾਲ ਨੂੰ 1971 ਦੀ ਜੰਗ ਦੇ ਪਰਮਵੀਰ ਚੱਕਰ (ਪੀਵੀਸੀ) ਅਤੇ ਮਹਾਂਵੀਰ ਚੱਕਰ (ਐਮਵੀਸੀ) ਪੁਰਸਕਾਰ ਜੇਤੂ ਸੈਨਿਕਾਂ ਦੇ ਪਿੰਡਾਂ ਸਮੇਤ ਦੇਸ਼ ਭਰ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਲਿਜਾਇਆ ਜਾ ਰਿਹਾ ਹੈ। ਇਸ ਦੌਰਾਨ ਇਸ ਦੇ ਰਸਤੇ ‘ਚ ਆਉਣ ਵਾਲੇ 1971 ਦੀ ਭਾਰਤ-ਪਾਕਿ ਜੰਗ ਦੇ ਸਾਬਕਾ ਫੌਜੀਆਂ ਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਚਾਰੇ ਮਸ਼ਾਲਾਂ ਵਿੱਚੋਂ ਇੱਕ ਜਿੱਤ ਦੀ ਮਸ਼ਾਲ, ਦਿੱਲੀ ਵਾਪਸ ਪਰਤਦੇ ਹੋਏ, ਅੱਜ ਪਟਿਆਲਾ ਪਹੁੰਚੀ ਹੈ ਅਤੇ 29 ਨਵੰਬਰ 2021 ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਲਈ ਰਵਾਨਾ ਹੋਵੇਗੀ।

ਫ਼ੌਜ ਦੇ ਬੁਲਾਰੇ ਮੁਤਾਬਕ ਇਸ ਦੌਰਾਨ ਸਾਡੇ ਮਹਾਨ ਸ਼ਹੀਦਾਂ, ਵੀਰ ਨਾਰੀਆਂ ਦੇ ਯੋਗਦਾਨ ਅਤੇ ਵੀਰ ਨਾਰੀਆਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਲਈ, ਪਟਿਆਲਾ ਵਿਖੇ ਵੱਖ-ਵੱਖ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਤੇ ਜੰਗੀ ਵਿਧਵਾਵਾਂ ਨੂੰ ਸਨਮਾਨਿਤ ਤੋਂ ਇਲਾਵਾ ਇਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕਰਦਿਆਂ ਇਨ੍ਹਾਂ ਤੋਂ ਪ੍ਰੇਰਣਾ ਲਈ ਜਾਵੇਗੀ। ਇਸ ਤਰ੍ਹਾਂ ਇੱਥੇ 1971 ਦੀ ਜੰਗ ਦੇ 100 ਦੇ ਕਰੀਬ ਸਾਬਕਾ ਸੈਨਿਕਾਂ ਅਤੇ ਪੁਰਸਕਾਰ ਜੇਤੂਆਂ ਸਮੇਤ ਲਗਭਗ 25 ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

About The Author

Leave a Reply

Your email address will not be published. Required fields are marked *

error: Content is protected !!