ਮੁੱਖ ਮੰਤਰੀ ਨੇ ਖੇਤ ਮਜ਼ਦੂਰਾਂ ਦੀ 10 ਫੀਸਦੀ ਰਾਸ਼ੀ ਸਣੇ ਨਰਮੇ ਦਾ ਪ੍ਰਤੀ ਏਕੜ ਮੁਆਵਜ਼ਾ 13,200 ਤੋਂ ਵਧਾ ਕੇ 18,700 ਰੁਪਏ ਕੀਤਾ

0

ਚੰਡੀਗੜ੍ਹ, 19 ਨਵੰਬਰ 2021 : ਬੀ.ਕੇ.ਯੂ. (ਉਗਰਾਹਾਂ) ਦੀ ਮੰਗ ਨੂੰ ਪ੍ਰਵਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਨੁਕਸਾਨੀ ਗਈ ਨਰਮੇ ਦੀ ਫ਼ਸਲ ਲਈ ਮੁਆਵਜ਼ੇ ਦੀ ਪ੍ਰਤੀ ਏਕੜ ਰਾਸ਼ੀ 13,200 ਤੋਂ ਵਧਾ ਕੇ 18,700 ਰੁਪਏ ਕਰ ਦਿੱਤੀ ਹੈ ਜਿਸ ਵਿੱਚੋਂ ਮੁਆਵਜ਼ੇ ਦੀ ਰਾਸ਼ੀ ਦਾ 10 ਫੀਸਦ ਖੇਤ ਮਜ਼ਦੂਰਾਂ ਨੂੰ ਰਾਹਤ ਵਜੋਂ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਦੱਖਣੀ ਪੰਜਾਬ ਦੀ ਮਾਲਵਾ ਪੱਟੀ ਦੇ ਨਰਮਾ ਕਾਸ਼ਤਕਾਰਾਂ ਲਈ ਮੁਆਵਜ਼ੇ ਦੀ ਮੌਜੂਦਾ ਰਾਸ਼ੀ ਨੂੰ ਪ੍ਰਤੀ ਏਕੜ 12000 ਰੁਪਏ ਤੋਂ ਵਧਾ ਕੇ 17,000 ਰੁਪਏ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਮੁਆਵਜ਼ੇ ਦੇ ਉਪਰੋਕਤ ਮਾਪਦੰਡਾਂ ਤੋਂ ਇਲਾਵਾ ਕਪਾਹ ਚੁਗਣ ਵਾਲੇ ਖੇਤ ਮਜ਼ਦੂਰਾਂ ਨੂੰ ਵੀ 10 ਫੀਸਦ ਰਾਹਤ ਦੇਣ ਦਾ ਐਲਾਨ ਕੀਤਾ। ਨਤੀਜੇ ਵਜੋਂ ਖੇਤ ਮਜ਼ਦੂਰਾਂ/ਕਪਾਹ ਚੁਗਣ ਵਾਲਿਆਂ ਨੂੰ ਵੀ ਹੁਣ ਪਹਿਲੇ ਦੇ 1200 ਰੁਪਏ ਪ੍ਰਤੀ ਏਕੜ ਦੀ ਥਾਂ ਹੁਣ 1700 ਰੁਪਏ ਪ੍ਰਤੀ ਏਕੜ ਮਿਲਣਗੇ।

ਇਸ ਦੌਰਾਨ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ 5000 ਰੁਪਏ ਪ੍ਰਤੀ ਏਕੜ ਦੀ ਵਧੀ ਹੋਈ ਰਾਹਤ ਰਾਸ਼ੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਜਲਦੀ ਹੀ ਅਦਾ ਕਰ ਦਿੱਤੀ ਜਾਵੇਗੀ ਅਤੇ ਇਸ ਰਾਸ਼ੀ ਦਾ 10 ਫੀਸਦੀ ਖੇਤ ਮਜ਼ਦੂਰਾਂ ਨੂੰ ਅਦਾ ਕੀਤਾ ਜਾਵੇਗਾ। ਬੀਕੇਯੂ ਉਗਰਾਹਾਂ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਹ ਲੋੜੀਂਦੀ ਰਾਹਤ ਮਿਲਣ ਨਾਲ ਉਨ੍ਹਾਂ ਨੂੰ ਹੋਏ ਆਰਥਿਕ ਨੁਕਸਾਨ ਨੂੰ ਪੂਰਾ ਕਰਨ ਵਿੱਚ ਵੱਡੀ ਮਦਦ ਕਰੇਗੀ।

About The Author

Leave a Reply

Your email address will not be published. Required fields are marked *

error: Content is protected !!