ਪੀਣ ਦਾ ਪਾਣੀ ਸਸਤਾ ਹੋਣ ਨਾਲ 30850 ਲੋਕਾਂ ਨੂੰ ਹੋਵੇਗਾ ਫਾਇਦਾ : ਡਿਪਟੀ ਕਮਿਸ਼ਨਰ
ਫਾਜ਼ਿਲਕਾ, 17 ਨਵੰਬਰ 2021 : ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪੀਣ ਦੇ ਪਾਣੀ ਦੇ ਬਿੱਲਾਂ ਵਿੱਚ ਕੀਤੀ ਕਟੋਤੀ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਵਿੱਚ 30850 ਘਰੇਲੂ ਪਾਣੀ ਦੇ ਕੁਨੈਕਸ਼ਨਾਂ ਦੇ ਲਾਭਪਾਤਰੀਆਂ ਨੂੰ ਲਾਭ ਹੋਵੇਗਾ।ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈ.ਏ.ਐਸ. ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਸਸਤਾ ਪੀਣ ਦਾ ਪਾਣੀ ਉਪਲਬਧ ਹੋ ਸਕੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਸ੍ਰੀ ਚਮਕ ਸਿੰਗਲਾ ਨੇ ਦੱਸਿਆ ਕਿ ਫਾਜ਼ਿਲਕਾ ਡਵੀਜ਼ਨ ਵਿੱਚ ਘਰੇਲੂ ਪਾਣੀ ਦੇ 10904 ਕੁਨੈਕਸ਼ਨ ਹਨ। ਪਹਿਲਾਂ ਪ੍ਰਤੀ ਕੂਨੈਕਸ਼ਨ 133 ਤੋਂ 166 ਰੁਪਏ ਪ੍ਰਤੀ ਮਹੀਨਾ ਪਾਣੀ ਦਾ ਬਿੱਲ ਆਉਂਦਾ ਸੀ ਪਰ ਸਰਕਾਰ ਵਲੋਂ ਜਾਰੀ ਕੀਤੇ ਪੱਤਰ ਅਨੁਸਾਰ ਹੁਣ ਮਹੀਨਾ ਅਕਤੂਬਰ 2021 ਤੋਂ 50 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਹੀ ਪਾਣੀ ਦਾ ਬਿੱਲ ਆਵੇਗਾ। ਉਨ੍ਹਾਂ ਕਿਹਾ ਕਿ ਡਵੀਜ਼ਨ ਵਿੱਚ 77 ਪੇਂਡੂ ਜਲ ਸਪਲਾਈ ਸਕੀਮਾਂ ਕੰਮ ਕਰ ਰਹੀਆਂ ਹਨ।
ਦੂਜੇ ਪਾਸੇ ਅਬੋਹਰ ਡਵੀਜ਼ਨ ਵਿੱਚ 19946 ਪੀਣ ਦੇ ਪਾਣੀ ਦੇ ਉਪਭੋਗਤਾ ਜਲ ਸਪਲਾਈ ਅਤੇ ਸੈਲੀਟੇਸ਼ਨ ਵਿਭਾਗ ਤੋਂ ਪਾਣੀ ਲੈਂਦੇ ਹਨ ਇਨ੍ਹਾਂ ਨੂੰ ਵੀ ਹੁਣ 50 ਰੁਪਏ ਪ੍ਰਤੀ ਮਹੀਨਾ ਹੀ ਬਿੱਲ ਆਵੇਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਪਾਣੀ ਦੇ ਬਿੱਲਾਂ ਦੇ ਬਿਕਾਏ ਅਤੇ ਵਾਟਰ ਵਰਕਸਾਂ ਦੇ ਬਿਜਲੀ ਦੇ ਬਿਕਾਏ ਵੀ ਮੁਆਫ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਬਿਨਾਂ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ ਨਹਿਰੀ ਪਾਣੀ ਦੇ ਅਧਾਰ ਤੇ ਵਾਟਰ ਵਰਕਸਾਂ ਤੋਂ ਪਾਣੀ ਦੀ ਸਪਲਾਈ ਦੇਣ ਲਈ ਦੋ ਮੈਗਾ ਵਾਟਰ ਵਰਕਸ ਬਣਾਉਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ।