4.45 ਕਰੋੜ ਰੁਪਏ ਦੀ ਲਾਗਤ ਨਾਲ ਕੁਝ ਮਹੀਨਿਆਂ ’ਚ 8.39 ਕਿਲੋਮੀਟਰ ਲੰਬੀ ਸੜਕ ਨੂੰ ਮਜ਼ਬੂਤ ਅਤੇ 14 ਫੁੱਟ ਚੌੜਾ ਕੀਤਾ ਜਾਵੇਗਾ
ਹੁਸ਼ਿਆਰਪੁਰ, 21 ਜੂਨ:
ਕਰੀਬ 30 ਪਿੰਡਾਂ ਦੇ ਵਸਨੀਕਾਂ ਨੂੰ ਹੋਰ ਸੁਖਾਲੀ ਆਵਾਜਾਈ ਪ੍ਰਦਾਨ ਕਰਨ ਲਈ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਨੇੜਲੇ ਪਿੰਡ ਜਹਾਨਖੇਲਾਂ ਤੋਂ ਨਾਰੂ ਨੰਗਲ ਤੱਕ 8.39 ਕਿਲੋਮੀਟਰ ਸੜਕ ਨੂੰ ਮਜ਼ਬੂਤ ਅਤੇ ਚੌੜਾ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ 4.45 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਕੰਮ ਆਉਂਦੇ ਕੁਝ ਮਹੀਨਿਆਂ ’ਚ ਮੁਕੰਮਲ ਹੋਵੇਗਾ।
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਕੰਮ ਦੀ ਸ਼ੁਰੂਆਤ ਮੌਕੇ ਦੱਸਿਆ ਕਿ ਇਹ ਸੜਕ ਜਹਾਨਖੇਲਾਂ ਤੋਂ ਵਾਇਆ ਮਹਿਲਾਂਵਾਲੀ, ਅਨੰਦਗੜ੍ਹ ਅਤੇ ਬਸੀ ਹਸਤ ਖਾਂ ਤੋਂ ਹੁੰਦੀ ਹੋਈ ਨਾਰੂ ਨੰਗਲ ਤੱਕ 14 ਫੁੱਟ ਚੌੜੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਅੰਦਰੂਨੀ ਹਿੱਸਿਆਂ ਵਿੱਚ ਇਹ ਸੜਕ 18 ਫੁੱਟ ਚੌੜੀ ਅਤੇ ਇੰਟਰ ਲਾਕਿੰਗ ਟਾਇਲਾਂ ਵਾਲੀ ਹੋਵੇਗੀ ਤਾਂ ਜੋ ਰਾਹਗੀਰਾਂ ਦੀ ਆਵਾਜਾਈ ਹੋਰ ਆਸਾਨ ਹੋ ਸਕੇ। ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ Çਲੰਕ ਸੜਕਾਂ ਦੀ ਮੁਰੰਮਤ ਅਤੇ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 2018-19 ਵਿੱਚ ਪਹਿਲੇ ਅਤੇ ਦੂਜੇ ਪੜਾਅ ਤਹਿਤ 3278 ਕਰੋੜ ਰੁਪਏ ਦੀ ਲਾਗਤ ਨਾਲ 28,815 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਦੀ ਮੁਰੰਮਤ ਕੀਤੀ ਗਈ ਸੀ। ਇਸੇ ਤਰ੍ਹਾਂ ਸਾਲ 2020-21 ਵਿੱਚ 834 ਕਰੋੜ ਰੁਪਏ ਦੀ ਲਾਗਤ ਨਾਲ 6162 ਕਿਲੋਮੀਟਰ Çਲੰਕ ਸੜਕਾਂ ਦੀ ਮੁਰੰਮਤ ਅਤੇ ਹੋਰ ਪ੍ਰੋਜੈਕਟ ਕਰਵਾਏ ਗਏ।
ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਸਰਕਾਰ ਦੀ ਸਮਾਰਟ ਪਿੰਡ ਮੁਹਿੰਮ ਬਾਰੇ ਦੱਸਿਆ ਕਿ 2019 ਵਿੱਚ ਸ਼ੁਰੂ ਕੀਤੇ ਇਸ ਪ੍ਰੋਗਰਾਮ ਤਹਿਤ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲੀ ਗਈ ਜਿਸ ਤਹਿਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਪਿੰਡਾਂ ਵਿੱਚ ਜਲ ਸਪਲਾਈ, ਸੈਨੀਟੇਸ਼ਨ, ਸਟਰੀਟ ਲਾਈਟਾਂ, ਪਾਰਕਾਂ, ਜਿੰਮ ਆਦਿ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਵਿੱਚ ਹਰ ਲੋੜੀਂਦੀ ਸਹੂਲਤ ਯਕੀਨੀ ਬਨਾਉਣ ਲਈ ਵਚਨਬੱਧ ਹੈ ਅਤੇ ਪਿਛਲੇ ਚਾਰ ਸਾਲਾਂ ਦੌਰਾਨ ਇਸ ਖੇਤਰ ਵਿੱਚ ਅਹਿਮ ਉਪਰਾਲੇ ਕੀਤੇ ਗਏ ਹਨ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਸਰਪੰਚ ਕਮਲ ਕੁਮਾਰ, ਸਰਪੰਚ ਕੁਲਦੀਪ ਅਰੋੜਾ, ਬਲਾਕ ਪ੍ਰਧਾਨ ਦਿਹਾਤੀ ਕੈਪਟਨ ਕਰਮ ਚੰਦ, ਸਰਪੰਚ ਹਰਜਿੰਦਰ ਕੌਰ, ਸਰਪੰਚ ਅਮਰਜੀਤ ਸਿੰਘ, ਬਲਾਕ ਸੰਮਤੀ ਮੈਂਬਰ ਬਿੱਲਾ ਦਿਲਾਵਰ, ਬਲਾਕ ਸੰਮਤੀ ਮੈਂਬਰ ਡਾ. ਕੁਲਦੀਪ ਸਿੰਘ, ਪਵਨ ਦਿਓਲ, ਮਲਕੀਤ ਕੌਰ, ਬਲਵਿੰਦਰ ਪਾਲ, ਕੁਲਦੀਪ, ਕਮਲ ਕੁਮਾਰ, ਰਜਿੰਦਰ ਕੌਰ, ਕਮਲਦੀਪ ਅਤੇ ਜੱਸਾ (ਸਾਰੇ ਪੰਚ) ਤੋਂ ਇਲਾਵਾ ਸਾਬਕਾ ਸਰਪੰਚ ਜੁਗਲ ਕਿਸ਼ੋਰ, ਗੁਲਸ਼ਨ ਰਾਏ,ਅਜਮੇਰ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਰਾਮ ਮੂਰਤੀ, ਰਮਾ ਦੇਵੀ, ਸੇਵਕ ਰਾਮ ਦੱਤਾ, ਮਨੋਹਰ ਲਾਲ ਦੱਤਾ, ਸਾਬਕਾ ਪੰਚ ਸਰਵਨ ਰਾਮ, ਮੋਹਨ ਲਾਲ ਅਤੇ ਸੁਭਾਸ਼ ਚੰਦਰ ਮੌਜੂਦ ਸਨ।
ਕੈਪਸ਼ਨ:- ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਪਿੰਡ ਜਹਾਨਖੇਲਾਂ ਤੋਂ ਨਾਰੂ ਨੰਗਲ ਤੱਕ 8.39 ਕਿਲੋਮੀਟਰ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ।