ਮੋਗਾ ਪੁਲਿਸ ਵੱਲੋਂ ਅਪਰਾਧੀ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਲਈ ਗੈਂਗਸਟਰਾਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ

0

ਚੰਡੀਗੜ੍ਹ/ਮੋਗਾ, 16 ਨਵੰਬਰ 2021 : ਪੰਜਾਬ ਪੁਲਿਸ ਵੱਲੋਂ ਸੋਮਵਾਰ ਨੂੰ ਮੋਗਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੇ ਬਾਹਰੋਂ ਇੱਕ ਅਪਰਾਧੀ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੋਗਾ ਪੁਲਸ ਨੇ ਮੋਗਾ ਦੇ ਹਰਜਿੰਦਰ ਸਿੰਘ ਉਰਫ ਰਾਜੂ ਨੂੰ ਪੇਸ਼ੀ ਲਈ ਅਦਾਲਤ ‘ਚ ਪੇਸ਼ ਕਰਨਾ ਸੀ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਜੱਜੀ (24) ਵਾਸੀ ਮੋਗਾ ਅਤੇ ਜਸਪ੍ਰੀਤ ਸਿੰਘ ਉਰਫ਼ ਪ੍ਰੀਤ (31) ਵਾਸੀ ਫ਼ਰੀਦਕੋਟ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਇੱਕ .32 ਬੋਰ ਦਾ ਰਿਵਾਲਵਰ ਅਤੇ 6 ਜਿੰਦਾ ਕਾਰਤੂਸ ਸਮੇਤ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਵੇਰਵੇ ਸਾਂਝੇ ਕਰਦਿਆਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਮੋਗਾ ਐਸ.ਐਸ. ਮੰਡ ਨੇ ਦੱਸਿਆ ਕਿ ਭਰੋਸੇਯੋਗ ਸੂਹ ਮਿਲਣ ਉਪਰੰਤ ਸੀਆਈਏ ਮੋਗਾ ਦੀਆਂ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ‘ਚੋਂ ਅਪਰਾਧੀ ਨੂੰ ਭਜਾਉਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਫਰੀਦਕੋਟ ਦੇ ਜਸਪ੍ਰੀਤ ਸਿੰਘ ਉਰਫ ਜੱਸੀ, ਜੋ ਕਿ ਇਸ ਸਮੇਂ ਫਰੀਦਕੋਟ ਜੇਲ ਵਿੱਚ ਹੈ, ਨੇ ਉਨ੍ਹਾਂ ਨੂੰ ਹਰਜਿੰਦਰ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਵਿੱਚ ਮਦਦ ਕਰਨ ਦਾ ਕੰਮ ਸੌਂਪਿਆ ਸੀ। ਐਸਐਸਪੀ ਨੇ ਅੱਗੇ ਦੱਸਿਆ ਕਿ ਉਹ ਸਾਰੇ ਗੈਂਗਸਟਰ ਸਤਿੰਦਰ ਬਰਾੜ ਉਰਫ ਗੋਲਡੀ ਬਰਾੜ ਦੇ ਕਰੀਬੀ ਹਨ ਜੋ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਰੇ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ।

ਐਸਐਸਪੀ ਮੰਡ ਨੇ ਦੱਸਿਆ ਕਿ ਜਸਪ੍ਰੀਤ ਉਰਫ ਪ੍ਰੀਤ ਦੇ ਪਿਛੋਕੜ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਜਦਕਿ ਅਗਲੇਰੀ ਜਾਂਚ ਲਈ ਹਰਜਿੰਦਰ ਅਤੇ ਜਸਪ੍ਰੀਤ ਉਰਫ ਜੱਸੀ ਦਾ ਪ੍ਰੋਡਕਸ਼ਨ ਵਾਰੰਟ ਲਿਆ ਜਾਵੇਗਾ। ਦੱਸਣਯੋਗ ਹੈ ਕਿ ਥਾਣਾ ਸਿਟੀ ਮੋਗਾ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ, ਅਸਲਾ ਐਕਟ ਦੀਆਂ ਧਾਰਾਵਾਂ 25(6) ਅਤੇ 27 ਅਧੀਨ ਐਫਆਈਆਰ ਨੰਬਰ 200 ਮਿਤੀ 15.11.2021 ਨੂੰ ਦਰਜ ਕੀਤੀ ਗਈ ਹੈ।

About The Author

Leave a Reply

Your email address will not be published. Required fields are marked *

You may have missed