ਵਿਧਾਇਕ ਬੇਰੀ ਨੇ ਹੰਸਰਾਜ ਬੈਡਮਿੰਟਨ ਸਟੇਡੀਅਮ ’ਚ ਸਪੋਰਟਸ ਰੈਸਟੋਰੈਂਟ ਬਨਾਉਣ ਲਈ ਦਿੱਤੇ 10 ਲੱਖ ਰੁਪਏ
ਜਲੰਧਰ, 16 ਨਵੰਬਰ 2021 : ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ’ਚ ਸਪੋਰਟਸ ਰੈਸਟੋਰੈਂਟ ਬਨਾਉਣ ਲਈ ਜਲੰਧਰ ਸੈਂਟਰਲ ਹਲਕੇ ਦੇ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਨੇ 10 ਲੱਖ ਰੁਪਏ ਦਾ ਚੈੱਕ ਡਿਸਟਿ੍ਰਕਟ ਬੈਡਮਿੰਟਨ ਐਸੋਸੀਏਸ਼ਨ ਦੇ ਸੈਕਟਰੀ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੂੰ ਸੌਂਪਿਆ। ਇਸ ਰੈਸਟੋਰੈਂਟ ਦਾ ਨਿਰਮਾਣ ਕਾਰਜ ਦਸੰਬਰ ਵਿੱਚ ਸ਼ੁਰੂ ਹੋ ਜਾਵੇਗਾ ਅਤੇ ਜਨਵਰੀ ’ਚ ਰੈਸਟੋਰੈਂਟ ਖਿਡਾਰੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਲੱਗੇਗਾ।
ਇਸ ਦੇ ਬਣ ਜਾਣ ਤੋਂ ਬਾਅਦ ਖਿਡਾਰੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਰੈਸਟੋਰੈਂਟ ਬਣ ਜਾਣ ਨਾਲ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ, ਹੋਸਟਲ ’ਚ ਰਹਿਣ ਵਾਲੇ ਅਤੇ ਸਟੇਡੀਅਮ ਵਿੱਚ ਅਭਿਆਸ ਕਰਨ ਲਈ ਆਉਣ ਵਾਲੇ ਖਿਡਾਰੀਆਂ ਨੂੰ ਸਟੇਡੀਅਮ ਵਿੱਚ ਤਿੰਨੋਂ ਟਾਈਮ ਸਾਫ-ਸੁਥਰਾ ਅਤੇ ਪੌਸ਼ਟਿਕ ਭੋਜਨ ਮਿਲ ਜਾਵੇਗਾ। ਵਿਧਾਇਕ ਬੇਰੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਵਚਨਬੱਧ ਹੈ।
ਉਨ੍ਹਾਂ ਨੇ ਡੀ. ਬੀ. ਏ. ਦੀ ਅੰਤਿ੍ਰਮ ਸਮਿਤੀ ਦੀ ਕਾਰਜਸ਼ੈਲੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਜਿੰਨੇ ਜ਼ਿਆਦਾ ਖਿਡਾਰੀ ਸਪੋਰਟਸ ਐਡਮਨਿਸਟ੍ਰੇਸ਼ਨ ’ਚ ਆਉਣਗੇ, ਖੇਡਾਂ ਦਾ ਪੱਧਰ ਓਨਾ ਹੀ ਉੱਚਾ ਹੋਵੇਗਾ। ਡੀ. ਬੀ. ਏ. ਦੇ ਸੈਕਟਰੀ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਵਿਧਾਇਕ ਰਜਿੰਦਰ ਬੇਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਫੀ ਸਮੇਂ ਤੋਂ ਹੰਸਰਾਜ ਬੈਡਮਿੰਟਨ ਸਟੇਡੀਅਮ ’ਚ ਸਪੋਰਟਸ ਰੈਸਟੋਰੈਂਟ ਬਨਾਉਣ ਦੀ ਮੰਗ ਉੱਠ ਰਹੀ ਸੀ, ਇਸ ਸਪੋਰਟਸ ਰੈਸਟੋਰੈਂਟ ਦੇ ਬਣ ਜਾਣ ਨਾਲ ਖਿਡਾਰੀਆਂ ਦੇ ਖਾਣ-ਪੀਣ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਰੈਸਟੋਰੈਂਟ ’ਚ ਭੋਜਨ ਦੀ ਪੈਕਿੰਗ ਦੀ ਵੀ ਸੁਵਿਧਾ ਹੋਵੇਗੀ। ਖਿਡਾਰੀ ਇੱਥੇ ਸਾਫ-ਸੁਥਰੇ ਅਤੇ ਪੌਸ਼ਟਿਕ ਭੋਜਨ ਦਾ ਆਨੰਦ ਲੈ ਸਕਣਗੇ। ਹੰਸਰਾਜ ਸਟੇਡੀਅਮ ਵਿੱਚ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੇ ਵਿਧਾਇਕ ਰਜਿੰਦਰ ਬੇਰੀ ਦਾ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਡਾ. ਜਸਲੀਨ ਸੇਠੀ, ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਭੁਪਿੰਦਰ ਸਿੰਘ ਜੌਲੀ, ਸੁਮਿਤ ਸ਼ਰਮਾ, ਧੀਰਜ ਸ਼ਰਮਾ, ਰਵਿੰਦਰ ਰਵੀ ਅਤੇ ਅਰਜੁਨ ਹਾਜ਼ਰ ਸਨ।