’ਨੋ ਚਲਾਨ ਡੇਅ’: ਸੜਕੀ ਹਾਦਸਿਆਂ ਨੂੰ ਰੋਕਣ ਲਈ ਜਾਗਰੂਕਤਾ ਅਤਿ ਲਾਜ਼ਮੀ : ਸੁੰਦਰ ਸ਼ਾਮ ਅਰੋੜਾ
ਹੁਸ਼ਿਆਰਪੁਰ, 14 ਨਵੰਬਰ 2021 : ਪੰਜਾਬ ਸਰਕਾਰ ਵਲੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਮੌਕੇ ਅੱਜ ਐਲਾਨੇ ’ਨੋ ਚਲਾਨ ਡੇਅ’ ਤਹਿਤ ਵਿਧਾਇਕ ਸੁੰਦਰ ਸ਼ਾਮ ਅਰੋੜਾ ਲੋਕਾਂ ਨੂੰ ਟਰੈਫਿਕ ਨਿਯਮਾਂ ਅਤੇ ਸੁਰੱਖਿਅਤ ਡਰਾਇਵਿੰਗ ਬਾਰੇ ਜਾਗਰੂਕ ਕਰਨ ਲਈ ਸਥਾਨਕ ਪ੍ਰਭਾਤ ਚੌਂਕ ਪਹੁੰਚੇ, ਜਿੱਥੇ ਉਨ੍ਹਾਂ ਨੇ ਰਾਹਗੀਰਾਂ ਨਾਲ ਟਰੈਫਿਕ ਨਿਯਮਾਂ ਬਾਰੇ ਵਿਚਾਰਾਂ ਵੀ ਕੀਤੀਆਂ। ਉਨ੍ਹਾਂ ਕਿਹਾ ਕਿ ਸੜਕੀ ਘਟਨਾਵਾਂ ਨੂੰ ਰੋਕਣ ਲਈ ਸਾਰਿਆਂ ਨੂੰ ਜਾਗਰੂਕ ਹੋਣਾ ਅਤਿ ਲਾਜ਼ਮੀ ਹੈ।
ਟਰੈਫਿਕ ਨਿਯਮਾਂ ਦੀ ਮੁਕੰਮਲ ਪਾਲਣਾ ਕਰਨ ਵਾਲੇ ਰਾਹਗੀਰਾਂ ਦੀ ਸ਼ਲਾਘਾ ਕਰਦਿਆਂ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਟਰੈਫਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ’ਚ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਕਿਸੇ ਵੀ ਸੂਰਤ ਵਿਚ ਟਰੈਫਿਕ ਨਿਯਮਾਂ ਦੀ ਪਾਲਣਾ ’ਚ ਕੁਤਾਹੀ ਨਹੀਂ ਵਰਤਣੀ ਚਾਹੀਦੀ, ਤਾਂ ਜੋ ਕਿਸੇ ਨੂੰ ਵੀ ਕੋਈ ਖਾਮਿਆਜਾ ਨਾ ਭੁਗਤਣਾ ਪਵੇ। ਉਨ੍ਹਾਂ ਨੇ ਵੱਖ-ਵੱਖ ਥਾਵਾਂ ਤੋਂ ਆਵਾਜਾਈ ਕਰ ਰਹੇ ਲੋਕਾਂ ਨਾਲ ਪ੍ਰਭਾਤ ਚੌਕ ਵਿਚ ਗੱਲਬਾਤ ਵੀ ਕੀਤੀ ਅਤੇ ਤਾਕੀਦ ਕੀਤੀ ਕਿ ਸੜਕੀ ਸੁਰੱਖਿਆ ਨੂੰ ਅਪਨਾ ਕੇ ਬੇਵਜ੍ਹਾ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ, ਜਿਸ ਨਾਲ ਕੀਮਤੀ ਜਾਨਾਂ ਵੀ ਬਚਾਈਆਂ ਜਾ ਸਕਣਗੀਆਂ।
ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿਚ ’ਨੋ ਚਲਾਨ ਡੇਅ’ ਚੱਲ ਰਿਹਾ ਹੈ ਜਿਸ ਤਹਿਤ ਵੱਖ-ਵੱਖ ਥਾਵਾਂ ’ਤੇ ਸਬੰਧਤ ਅਧਿਕਾਰੀ ਅਤੇ ਨੁਮਾਇੰਦੇ ਸੜਕ ਸੁਰੱਖਿਆ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਜੋ ਕਿ ਇੱਕ ਅਹਿਮ ਵਿਸ਼ਾ ਹੈ ਜਿਸ ਲਈ ਸਾਰਿਆਂ ਨੂੰ ਰਲ ਕੇ ਸੁਹਿਰਦ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਟਰੈਫਿਕ ਨਿਯਮਾਂ ਅਤੇ ਸੜਕ ਸੁਰੱਖਿਆ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਸੜਕੀ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਇਆ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਐਸ.ਪੀ. ਸਿਟੀ ਪ੍ਰਵੇਸ਼ ਚੋਪੜਾ, ਟਰੈਫਿਕ ਇੰਚਾਰਜ ਇੰਸਪੈਕਟਰ ਬਲਵਿੰਦਰ ਸਿੰਘ ਜੌੜਾ, ਆਰ.ਟੀ.ਏ. ਦਫਤਰ ਤੋਂ ਕੁਲਦੀਪ ਸਿੰਘ, ਚਰਨਜੀਤ ਸਿੰਘ, ਅਜੇ ਸਿੱਧੂ, ਮਨਮੋਹਨ ਸਿੰਘ, ਸੁਰੇਸ਼ ਅਰੋੜਾ ਆਦਿ ਮੌਜੂਦ ਸਨ।