ਪੰਜਾਬ ਸਰਕਾਰ ਨੌਜਵਾਨਾਂ ਦੇ ਬੌਧਿਕ ਅਤੇ ਸਰੀਰਕ ਵਿਕਾਸ ਲਈ ਕੰਮ ਕਰ ਰਹੀ ਹੈ : ਪਰਗਟ ਸਿੰਘ
ਅਬੋਹਰ, ਫਾਜ਼ਿਲਕਾ 14 ਨਵੰਬਰ 2021 : ਪੰਜਾਬ ਦੇ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਸੁਰਿੰਦਰ ਜਾਖੜ ਟਰੱਸਟ ਵੱਲੋਂ ਅਬੋਹਰ ਵਿਖੇ ਕਰਵਾਈ ਜਾ ਰਹੀ ਤੀਜੀ ਮੈਰਾਥਨ ਨੂੰ ਇੱਥੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸ੍ਰੀ ਸੰਦੀਪ ਜਾਖੜ ਵੀ ਵਿਸੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ। ਖੇਡ ਮੰਤਰੀ ਪਰਗਟ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ਮੌਕੇ ਮਨਾਏ ਜਾਂਦੇ ਬਾਲ ਦਿਵਸ ਦੀ ਇਹ ਸਭ ਤੋਂ ਵਧੀਆ ਸ਼ੁਰੂਆਤ ਹੈ।
ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਉਨਤੀ ਅਤੇ ਖੇਡਾਂ ਨੂੰ ਹੁਲਾਰਾ ਦੇਣ ਵਿੱਚ ਜਾਖੜ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੈਰਾਥਨ ਵਿੱਚ ਪੰਜ ਹਜ਼ਾਰ ਤੋਂ ਵਧੇਰੇ ਹਿੱਸੇਦਾਰ ਭਾਗ ਲੈ ਰਹੇ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਡੀ ਗਿਣਤੀ ਸਾਡੇ ਬੱਚਿਆਂ ਤੇ ਨੌਜਵਾਨਾਂ ਦੀ ਦੇਖਣ ਨੂੰ ਮਿਲੀ। ਬੱਚਿਆਂ ਦਾ ਉਤਸ਼ਾਹ ਦੇਖਣ ਵਾਲਾ ਸੀ। ਪਰਗਟ ਸਿੰਘ ਜੋ ਖ਼ੁਦ ਸਾਬਕਾ ਹਾਕੀ ਓਲੰਪੀਅਨ ਹਨ, ਨੇ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ, “ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਬੀਤੇ ਕੱਲ੍ਹ ਭਾਰਤ ਸਰਕਾਰ ਵੱਲੋਂ ਦਿੱਤੇ ਕੌਮੀ ਖੇਡ ਪੁਰਸਕਾਰਾਂ ਵਿੱਚ 13 ਐਵਾਰਡ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਮਾਕਾ ਟਰਾਫੀ ਮਿਲੀ ਅਤੇ ਅਬੋਹਰ ਇਸੇ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।”
ਸ: ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨੀ ਨੂੰ ਸਹੀ ਦਿਸ਼ਾ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਖੇਡਾਂ ਵਿਚ ਵੱਡੀਆਂ ਪ੍ਰਾਪਤੀਆਂ ਲਈ ਲਗਾਤਾਰ ਅਤੇ ਸੁਹਿਰਦ ਯਤਨਾਂ ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਖੇਤਰ ਰਾਹੀਂ ਸਾਡੇ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਖੇਡਾਂ ਰਾਹੀਂ ਸਰੀਰਕ ਵਿਕਾਸ ਲਈ ਉਨ੍ਹਾਂ ਦਾ ਵਿਭਾਗ ਯਤਨਸ਼ੀਲ ਰਹੇਗਾ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਵਿਕਾਸ ਤਦ ਹੀ ਕੋਈ ਮਾਇਨੇ ਰਖਦਾ ਹੈ ਜਦ ਕਿਸੇ ਖਿੱਤੇ ਦੀ ਮਾਨਵ ਸੰਪਦਾ ਬੌਧਿਕ ਅਤੇ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਹੋਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਪਰਗਟ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨਾਲ ਆਪਣੀ ਸਾਂਝ ਦਾ ਜਿਕਰ ਕਰਦਿਆਂ ਜਾਖੜ ਪਰਿਵਾਰ ਵੱਲੋਂ ਖੇਡਾਂ ਨੂੰ ਉਤਸਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਜ਼ੋਰਦਾਰ ਸਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬਾਲ ਦਿਵਸ ਮੌਕੇ ਕਰਵਾਈ ਗਈ ਤੀਜੀ ਅਬੋਹਰ ਮੈਰਾਥਨ ਨਾਲ ਨੌਜਵਾਨਾਂ ਅਤੇ ਬੱਚਿਆਂ ਵਿਚ ਖੇਡਾਂ ਪ੍ਰਤੀ ਰੁਝਾਨ ਨੂੰ ਹੋਰ ਮਜਬੂਤ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਇਸ ਤਰਾਂ ਦੇ ਆਯੋਜਨ ਲਗਾਤਾਰ ਹੋਣੇ ਚਾਹੀਦੇ ਹਨ।
ਇਸ ਮੌਕੇ ਅਬੋਹਰ ਇਲਾਕੇ ਦੇ ਪਿੰਡ ਦੀਵਾਨ ਖੇੜਾ ਦੇ ਸਕੂਲ ਨੂੰ ਅਗਲੇ ਸੈਸ਼ਨ ਤੋਂ ਅਪਗ੍ਰੇਡ ਕਰਨ ਸਮੇਤ ਇਲਾਕੇ ਵਿਚ ਹੋਰ ਵੀ ਸਕੂਲਾਂ ਨੂੰ ਸਥਾਨਕ ਜਰੂਰਤਾਂ ਅਨੁਸਾਰ ਅਪਗ੍ਰੇਡ ਕਰਨ ਦਾ ਐਲਾਨ ਸਿੱਖਿਆ ਮੰਤਰੀ ਨੇ ਕੀਤਾ ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਨਜਦੀਕ ਹੀ ਚੰਗੀ ਵਿਦਿਆ ਮਿਲ ਸਕੇ। ਇਸ ਮੌਕੇ ਸ੍ਰੀ ਸੰਦੀਪ ਜਾਖੜ ਨੇ ਖੇਡ ਮੰਤਰੀ ਨੂੰ ਜੀ ਆਇਆ ਨੂੰ ਆਖਦਿਆਂ ਦੱਸਿਆ ਕਿ ਸੁਰਿੰਦਰ ਜਾਖੜ ਟਰੱਸਟ ਵੱਲੋਂ ਇਹ ਤੀਜੀ ਮੈਰਾਥਨ ਕਰਵਾਈ ਜਾ ਰਹੀ ਹੈ ਜਦ ਕਿ ਟਰੱਸ਼ਟ ਖੇਡਾਂ ਅਤੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਲਗਾਤਾਰ ਪ੍ਰੋਗਰਾਮ ਕਰਵਾਉਂਦਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਨੌਜਵਾਨਾਂ ਦਾ ਉਤਸਾਹ ਬਿਆਨ ਕਰਦਾ ਹੈ ਕਿ ਪੰਜਾਬ ਦਾ ਨੌਜਵਾਨ ਹੁਣ ਸਹੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਖੇਡ ਅਤੇ ਸਿੱਖਿਆ ਮੰਤਰੀ ਸ: ਪਰਗਟ ਸਿੰਘ ਨੂੰ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਜੀ ਆਇਆਂ ਨੂੰ ਕਿਹਾ। ਇਸ ਮੌਕੇ ਕਮਿਸ਼ਨਰ ਅਬੋਹਰ ਨਗਰ ਨਿਗਮ ਸ੍ਰੀ ਅਭੀਜੀਤ ਕਪਲਿਸ਼, ਐਸਡੀਐਮ ਸ੍ਰੀ ਅਮਿਤ ਗੁਪਤਾ, ਮੇਅਰ ਸ੍ਰੀ ਵਿਮਲ ਠਠਈ, ਜਿ਼ਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਬਲਬੀਰ ਸਿੰਘ ਦਾਨੇਵਾਲੀਆਂ ਵੀ ਹਾਜਰ ਸਨ।