ਪੰਜਾਬ ਵਿੱਚ ਝੋਨੇ ਦੀ ਆਮਦ ਦਾ ਅੰਕੜਾ 185 ਲੱਖ ਮੀਟਰਕ ਟਨ ਤੋਂ ਪਾਰ, ਸੰਗਰੂਰ ਪਹਿਲੇ ਅਤੇ ਲੁਧਿਆਣਾ ਦੂਜੇ ਸਥਾਨ ‘ਤੇ : ਲਾਲ ਸਿੰਘ
ਚੰਡੀਗੜ੍ਹ, 11 ਨਵੰਬਰ 2021 : ਸੂਬੇ ਦੀਆਂ ਮੰਡੀਆਂ ਵਿੱਚ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਂਦਿਆਂ, ਪੰਜਾਬ ਨੇ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ ਝੋਨੇ ਦੀ ਆਮਦ ਦੇ ਮਾਮਲੇ ਵਿੱਚ ਸਫਲਤਾਪੂਰਵਕ 185 ਲੱਖ ਮੀਟਰਕ ਟਨ ਦਾ ਅੰਕੜਾ ਪਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ 185.66 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋਂ 181.09 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਇਸ ਦੇ ਮੁਕਾਬਲੇ ਪਿਛਲੇ ਸਾਲ ਇਸ ਮਿਆਦ ਦੌਰਾਨ 186.16 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀ ਬੋਰਡ ਵੱਲੋਂ 1873 ਨੋਟੀਫਾਈਡ ਮੰਡੀਆਂ ਸਮੇਤ 2722 ਖਰੀਦ ਕੇਂਦਰ ਅਤੇ 849 ਆਰਜ਼ੀ ਯਾਰਡ ਸਥਾਪਿਤ ਕੀਤੇ ਗਏ ਹਨ।
ਚੇਅਰਮੈਨ ਨੇ ਅੱਗੇ ਦੱਸਿਆ ਕਿ ਝੋਨੇ ਦੀ ਆਮਦ ਦੇ ਮਾਮਲੇ ਵਿੱਚ ਸੰਗਰੂਰ ਜ਼ਿਲ੍ਹਾ 19.41 ਲੱਖ ਮੀਟਰਕ ਟਨ ਝੋਨੇ ਦੀ ਆਮਦ ਨਾਲ ਸਭ ਤੋਂ ਅੱਗੇ ਹੈ, ਇਸ ਤੋਂ ਬਾਅਦ ਲੁਧਿਆਣਾ ਅਤੇ ਪਟਿਆਲਾ ਹਨ ਜਿੱਥੇ ਕ੍ਰਮਵਾਰ 16.95 ਲੱਖ ਮੀਟਰਕ ਟਨ ਅਤੇ 14.27 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ।
ਚੱਲ ਰਹੇ ਖਰੀਦ ਕਾਰਜਾਂ ਦੌਰਾਨ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਚੇਅਰਮੈਨ ਨੇ ਇਸ ਵੱਡੇ ਕਾਰਜ ਨੂੰ ਮੁਕੰਮਲ ਕਰਨ ਲਈ ਸਾਰੇ ਭਾਈਵਾਲਾਂ ਖ਼ਾਸ ਕਰਕੇ ਕਿਸਾਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।