ਪਿੰਡ ਚਨਾਰਥਲ ਖ਼ੁਰਦ ਦੀ ਪੰਚਾਇਤ ਵੱਲੋਂ ਬਜ਼ੁਰਗਾਂ, ਔਰਤਾਂ ਤੇ ਦਿਵਿਆਂਗਾਂ ਲਈ ਮੁਫ਼ਤ ਈ- ਰਿਕਸ਼ਾ ਸਹੂਲਤ
ਫ਼ਤਹਿਗੜ੍ਹ ਸਾਹਿਬ, 08 ਨਵੰਬਰ 2021 : ਪਿੰਡ ਚਨਾਰਥਲ ਖ਼ੁਰਦ ਦੀ ਪੰਚਾਇਤ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਨਿਵੇਕਲਾ ਉਪਰਾਲਾ ਕਰਦਿਆਂ ਬਜ਼ੁਰਗਾਂ, ਔਰਤਾਂ ਅਤੇ ਦਿਵਿਆਂਗਾਂ ਲਈ ਮੁਫਤ ਈ-ਰਿਕਸ਼ਾ ਸਹੂਲਤ ਦੀ ਸ਼ੁਰੂਆਤ ਕੀਤੀ ਹੈ ਤੇ ਪੰਚਾਇਤ ਦੇ ਇਸ ਉਪਰਾਲੇ ਦੀ ਚਹੁੰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਇਸ ਸੇਵਾ ਦੀ ਸ਼ੁਰੂਆਤ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਈ ਰਿਕਸ਼ਾ ਨੂੰ ਰਵਾਨਾ ਕਰਵਾ ਕੇ ਕੀਤੀ।
ਇਸ ਮੌਕੇ ਹਲਕਾ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਗ੍ਰਾਮ ਪੰਚਾਇਤ ਪਿੰਡ ਚਨਾਰਥਲ ਖੁਰਦ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਹ ਪਹਿਲੀ ਪੰਚਾਇਤ ਹੈ ਜਿਸ ਨੇ ਇਹ ਉਪਰਾਲਾ ਕੀਤਾ ਹੈ। ਉਹਨਾਂ ਦੱਸਿਆ ਕਿ ਪੰਚਾਇਤ ਵੱਲੋਂ ਈ-ਰਿਕਸ਼ਾ ਦੀ ਫ੍ਰੀ ਸੇਵਾ ਔਰਤਾਂ, ਬਜ਼ੁਰਗਾਂ ਤੇ ਦਿਵਿਆਂਗਾਂ ਲਈ ਬੈਂਕ, ਹਸਤਪਾਲ, ਸਬ-ਤਹਿਸੀਲ ਚਨਾਰਥਲ ਕਲਾਂ ਜਾਣ ਅਤੇ ਗਰੀਬ ਲੜਕੀਆਂ ਲਈ ਸਕੂਲ ਜਾਣ ਲਈ ਸ਼ੁਰੂ ਕੀਤੀ ਗਈ ਹੈ।
ਪੰਚਾਇਤ ਦੇ ਇਸ ਉਪਰਾਲੇ ਨਾਲ ਬਜ਼ੁਰਗਾਂ, ਔਰਤਾਂ ਤੇ ਦਿਵਿਆਂਗਾਂ ਨੂੰ ਇਲਾਕੇ ਵਿਚਲੇ ਬੈਂਕਾਂ, ਹਸਪਤਾਲਾਂ ਸਮੇਤ ਵੱਖ ਵੱਖ ਕੰਮਾਂ ਲਈ ਜਾਣ ਸਬੰਧੀ ਵੱਡੀ ਸਹੂਲਤ ਮਿਲੀ ਹੈ ਤੇ ਉਹਨਾਂ ਦੀਆਂ ਜ਼ਿੰਦਗੀਆਂ ਵਿਚਲੀਆਂ ਮੁਸ਼ਕਲਾਂ ਘਟ ਹੋਣਗੀਆਂ। ਸ. ਨਾਗਰਾ ਨੇ ਕਿਹਾ ਕਿ ਇਸ ਸੇਵਾ ਦਾ ਇਕ ਹੋਰ ਅਹਿਮ ਪੱਖ ਇਹ ਹੈ ਕਿ ਇਹ ਸੇਵਾ ਈ ਰਿਕਸ਼ਾ ਦੇ ਰੂਪ ਵਿਚ, ਜਿਸ ਨਾਲ ਪ੍ਰਦੂਸ਼ਣ ਨਾ ਹੋਣ ਸਦਕਾ ਵਾਤਾਵਰਨ ਉੱਤੇ ਕੋਈ ਮਾੜਾ ਅਸਰ ਨਹੀਂ ਪੈਂਦਾ।
ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਲੋਕਾਂ ਦੀਆਂ ਜ਼ਿੰਦਗੀਆਂ ਬਿਹਤਰ ਬਣਾਉਣ ਲਈ ਲਗਾਤਾਰ ਉਪਰਾਲੇ ਜਾਰੀ ਹਨ ਤੇ ਪੰਚਾਇਤਾਂ ਵੱਲੋਂ ਕੀਤੇ ਜਾਂਦੇ ਅਹਿਜੇ ਉਪਰਾਲੇ ਹਾਲਾਤ ਹੋਰ ਵੀ ਬਿਹਤਰ ਬਨਾਉਣ ਵਿੱਚ ਸਹਾਈ ਹੁੰਦੇ ਹਨ। ਉਹਨਾਂ ਕਿਹਾ ਕਿ ਹੋਰਨਾਂ ਪੰਚਾਇਤਾਂ ਨੂੰ ਵੀ ਇਸ ਪਿੰਡ ਦੀ ਪੰਚਾਇਤ ਤੋਂ ਸੇਧ ਲੈਕੇ ਸਮਾਜ ਸੇਵਾ ਦੇ ਅਜਿਹੇ ਕਾਰਜ ਕਰਨੇ ਚਾਹੀਦੇ ਹਨ।
ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ,ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਪਿੰਡ ਦੇ ਸਰਪੰਚ ਗੁਰਬਾਜ ਸਿੰਘ ਰਾਜੂ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ ਲੱਖੀ, ਸਰਪੰਚ ਦਵਿੰਦਰ ਸਿੰਘ ਜੱਲਾ, ਹਰਦੀਪ ਸਿੰਘ ਵਜੀਰਾਬਾਦ, ਜਗਤਾਰ ਸਿੰਘ ਫੌਜੀ, ਗੁਰਜੀਤ ਸਿੰਘ ਬੌਬੀ, ਗੁਰਿੰਦਰ ਸਿੰਘ ਡਿੰਪੀ, ਗੁਰਪ੍ਰੀਤ ਸਿੰਘ, ਕੁਲਵਿੰਦਰ ਕੌਰ ਸਾਰੇ ਪੰਚ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।