ਬੇਅਦਬੀ ਦੇ ਦੋਸ਼ੀਆਂ ਅਤੇ ਨਸ਼ੇ ਦੇ ਸੌਦਾਗਰਾਂ ਖਿਲਾਫ ਜਲਦ ਕਾਰਵਾਈ ਹੋਵੇਗੀ : ਮੁੱਖ ਮੰਤਰੀ ਚੰਨੀ

0

ਸ਼੍ਰੀ ਚਮਕੌਰ ਸਾਹਿਬ/ਚੰਡੀਗੜ੍ਹ, 6 ਨਵੰਬਰ 2021 : ਮੁੱਖ ਮੰਤਰੀ ਚੰਨੀ ਨੇ ਅੱਜ ਇੱਥੇ ਬੇਲਾ-ਪਨਿਆਲੀ ਸੜਕ ਅਤੇ ਸੱਤਲੁਜ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਰਾਜ ਪੱਧਰੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਿੱਟ ਦੀ ਜਾਂਚ ਸਹੀ ਰਾਹ ‘ਤੇ ਤੇਜੀ ਨਾਲ ਚੱਲ ਰਹੀ ਹੈ ਅਤੇ ਜਲਦ ਕਾਰਵਾਈ ਹੋਵੇਗੀ।

ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਂ ਗਰੀਬ ਜਰੂਰ ਹਾਂ ਪਰ ਕਮਜੋਰ ਨਹੀਂ ਅਤੇ ਗੁਰੂ ਦੀ ਬੇਅਦਬੀ ਕਰਨ ਵਾਲੇ ਜਲਦ ਬੇਪਰਦ ਹੋਣਗੇ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਚ ਧੱਕਣ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਡਰੱਗ ਮਾਫੀਆ ਖਿਲਾਫ ਰਿਪੋਰਟ ਖੁਲਣ ਨਾਲ ਕਈ ਨਸ਼ੇ ਦੇ ਕਈ ਵੱਡੇ ਸੌਦਾਗਰਾਂ ਦਾ ਪਰਦਾਫਾਸ਼ ਹੋਵੇਗਾ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਭਲਾਈ ਲਈ ਹਰ ਫੈਸਲਾ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਲਿਆ ਜਾ ਰਿਹਾ ਹੈ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਪੰਜਾਬ ਸਰਕਾਰ ਪੂਰੀ ਵਚਨਬੱਧ ਹਨ।ਮੁੱਖ ਮੰਤਰੀ ਨੇ ਕਿਹਾ ਸਾਫ ਸੁਥਰੇ ਪ੍ਰਸ਼ਾਸਨ ਦੀ ਮਿਸਾਲ ਇਸ ਬਾਰ ਦਿਵਾਲੀ ਨੂੰ ਦੇਖਣ ਨੂੰ ਮਿਲੀ ਜਦੋਂ ਦੁਕਾਨਦਾਰਾਂ ਕੋਲੋਂ ਕੋਈ ਪੈਸੇ ਮੰਗਣ ਨਹੀਂ ਗਿਆ ਅਤੇ ਨਾ ਹੀ ਕਿਸੇ ਨੂੰ ਤੰਗ ਪੇ੍ਰਸ਼ਾਨ ਕੀਤਾ ਗਿਆ।

ਮੁੱਖ ਮੰਤਰੀ ਚੰਨੀ ਨੇ ਅਕਾਲੀਆਂ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਮੇਸ਼ਾ ਸੂਬੇ ਦੇ ਲੋਕਾਂ ਨੂੰ ਅਣਗੌਲਿਆ ਕੀਤਾ ਹੈ ਅਤੇ ਨਿੱਜੀ ਸੁਆਰਾਥਾਂ ਵਾਲੀ ਰਾਜਨੀਤੀ ਨੂੰ ਪਹਿਲ ਦਿੱਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਭਾਜਪਾ ਨੇ ਹਮੇਸ਼ਾ ਹੀ ਜਾਤ-ਪਾਤ ਅਤੇ ਧਰਮ ਦੇ ਨਾਮ ‘ਤੇ ਵੰਡੀਆਂ ਪਾ ਕੇ ਸਮਾਜ ਵਿਚ ਨਫਰਤ ਦੀ ਗੰਦੀ ਰਾਜੀਨਤੀ ਖੇਡੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਸੱਤਾ ਵਿਚ ਹੋਣ ਮੋਕੇ ਉਨ੍ਹਾਂ ਨੇ ਸ਼੍ਰੀ ਚਮਕੌਰ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਦਰਸਾਉਣ ਵਾਲੇ ਥੀਮ ਪਾਰਕ ਦੇ ਨਿਰਮਾਣ ਕਾਰਜ ਨੁੰ ਪੂਰਾ ਕਰਨ ਲਈ ਕਈ ਬਾਰ ਬੇਨਤੀ ਕੀਤੀ, ਪਰ ਆਕਲੀਆਂ ਨੇ ਕਦੇ ਵੀ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਬਲਕਿ ਥੀਮ ਪਾਰਕ ਦੇ ਨਿਰਮਾਣ ਵਿਚ ਰੋੜੇ ਅੜਕਾਏ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਕਈ ਨਕਲੀ ਆਮ ਆਦਮੀ ਸਿਰਫ ਰਾਜਨੀਤੀ ਚਮਕਾਉਣ ਲਈ ਤੁਰੇ ਫਿਰਦੇ ਹਨ, ਜਿੰਨਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਜਰੂਰਤਾਂ ਤੱਕ ਦੀ ਸਮਝ ਵੀ ਨਹੀਂ।ਅਜਿਹੇ ਲੋਕ ਗਰੀਬਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਝੂਠੇ ਸਬਜਬਾਗ ਦਿਖਾ ਕੇ ਸਿਆਸੀ ਮਨੋਰਥਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਅਤੇ ਤਾਜ਼ਗੀ ਕਾਰਨ ਉਹ ਲੋਕਾਂ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਬਣ ਗਏ ਹਨ।ਉਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਗਰੀਬ ਲੋਕਾਂ ਦੀਆਂ ਲੋੜਾਂ ਅਤੇ ਦਰਦ ਦਾ ਪਤਾ ਹੈ ਕਿਉਂਕਿ ਉਨਾਂ ਨੇ ਖੁਦ ਗਰੀਬੀ ਹੰਢਾਈ ਹੈ।ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਲਏ ਜਾ ਰਹੇ ਲੋਕ ਪੱਖੀ ਫੈਸਲੇ ਇਸ ਦੀ ਮਿਸਾਲ ਹਨ ਜਿੰਨਾਂ ਵਿਚ ਹਰ ਵਰਗ ਦੇ ਲੋਕਾਂ ਦੀਆਂ ਜਮੀਨੀ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ।

ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਅਤੇ ਵਿਧਾਇਕ ਸ਼੍ਰੀ ਦਰਸ਼ਨ ਲਾਲ ਮੰਗੂਪੁਰੀਆ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਤੱਕ ਹਰ ਇੱਕ ਦੀ ਪਹੁੰਚ ਹੈ ਜਿਸ ਦੇ ਚਲਦਿਆਂ ਸਮਾਜ ਦੇ ਸਭ ਵਰਗਾਂ ਦੀ ਸੁਣਵਾਈ ਕਰਕੇ ਸਿੱਧੇ ਮਸਲੇ ਹੱਲ ਕੀਤੇ ਜਾ ਰਹੇ ਹਨ।

About The Author

Leave a Reply

Your email address will not be published. Required fields are marked *

error: Content is protected !!