ਗੰਨੇ ਦੇ ਵਧੇ ਹੋਏ ਭਾਅ ਦਾ 70 ਫੀਸਦੀ ਹਿੱਸਾ ਸੂਬਾ ਸਰਕਾਰ ਸਹਿਣ ਕਰੇਗੀ

0

ਚੰਡੀਗੜ੍ਹ, 1 ਨਵੰਬਰ 2021 :  ਸੂਬੇ ਦੇ ਖੇਤੀ ਸੈਕਟਰ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮਿਲ ਕੇ ਨਿੱਜੀ ਖੰਡ ਮਿੱਲ ਮਾਲਕਾਂ ਨਾਲ ਮੀਟਿੰਗ ਦੌਰਾਨ ਫੈਸਲਾ ਲਿਆ ਕਿ ਗੰਨੇ ਦੇ ਸਟੇਟ ਐਗਰੀਡ ਪ੍ਰਾਈਸ (ਐਸ.ਏ.ਪੀ.) ਵਿਚ 50 ਰੁਪਏ ਪ੍ਰਤੀ ਕੁਇੰਟਲ ਵਾਧੇ ਦਾ 30 ਫੀਸਦੀ ਹਿੱਸਾ ਪ੍ਰਾਈਵੇਟ ਖੰਡ ਮਿੱਲ ਮਾਲਕ ਜਦਕਿ ਬਾਕੀ 70 ਫ਼ੀਸਦੀ ਸੂਬਾ ਸਰਕਾਰ ਸਹਿਣ ਕਰੇਗੀ।

ਜ਼ਿਕਰਯੋਗ ਹੈ ਕਿ ਖੰਡ ਮਿੱਲਾਂ ਛੇਤੀ ਤੋਂ ਛੇਤੀ ਚਾਲੂ ਕਰਵਾਉਣ ਲਈ ਕੁਝ ਦਿਨਾਂ ਪਹਿਲਾਂ ਕਿਸਾਨਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਪਰ ਮਿੱਲ ਮਾਲਕ 50 ਰੁਪਏ ਪ੍ਰਤੀ ਕੁਇੰਟਲ ਦਾ ਬੋਝ ਚੁੱਕਣ ਤੋਂ ਇਨਕਾਰ ਕਰ ਰਹੇ ਸਨ।

ਇਸ ਖੜ੍ਹੋਤ ਨੂੰ ਖਤਮ ਕਰਨ ਲਈ ਅੱਜ ਮਿੱਲ ਮਾਲਕਾਂ ਨਾਲ ਮੀਟਿੰਗ ਤੈਅ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਾਂਝੇ ਰੂਪ ਵਿਚ ਭਾਅ ਦਾ 70 ਫੀਸਦੀ ਬੋਝ ਸੂਬਾ ਸਰਕਾਰ ਅਤੇ 30 ਫੀਸਦੀ ਪ੍ਰਾਈਵੇਟ ਸ਼ੂਗਰ ਮਿੱਲ ਮਾਲਕਾਂ ਦੁਆਰਾ ਸਹਿਣ ਕੀਤਾ ਜਾਵੇਗਾ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਮਿੱਲਾਂ ਛੇਤੀ ਕਾਰਜਸ਼ੀਲ ਕਰਨ ਵਾਸਤੇ ਤਿਆਰੀ ਕਰਨ ਦੇ ਹੁਕਮ ਦਿੱਤੇ ਜਿਸ ‘ਤੇ ਮਿੱਲ ਮਾਲਕਾਂ ਨੇ ਮਿੱਥੇ ਸਮੇਂ ‘ਤੇ ਕੰਮ ਸ਼ੁਰੂ ਕਰਨ ਲਈ ਸਹਿਮਤੀ ਪ੍ਰਗਟਾਈ।

ਦੱਸਣਯੋਗ ਹੈ ਕਿ ਸਾਲ 2021-22 ਵਿਚ ਗੰਨੇ ਦਾ ਭਾਅ 310 ਤੋਂ ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 360 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਸੀ। ਹੁਣ ਗੰਨੇ ਦੇ 360 ਰੁਪਏ ਪ੍ਰਤੀ ਕੁਇੰਟਲ ਦੇ ਕੁੱਲ ਭਾਅ ਵਿੱਚੋਂ 325 ਰੁਪਏ ਪ੍ਰਤੀ ਕੁਇੰਟਲ ਪ੍ਰਾਈਵੇਟ ਖੰਡ ਮਿੱਲਾਂ ਅਦਾ ਕਰਨਗੇ ਜਦਕਿ ਬਾਕੀ ਰੁਪਏ 35 ਰੁਪਏ ਪ੍ਰਤੀ ਕੁਇੰਟਲ ਸਰਕਾਰੀ ਖਜ਼ਾਨੇ ਵੱਲੋਂ ਸਹਿਣ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸਕੱਤਰ ਅਨਿਰੁਧ ਤਿਵਾੜੀ, ਵਿੱਤ ਕਮਿਸ਼ਨਰ (ਸਹਿਕਾਰਤਾ) ਅਨੁਰਾਗ ਅਗਰਵਾਲ, ਪ੍ਰਮੁੱਖ ਸਕੱਤਰ (ਵਿੱਤ) ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਸ਼ੂਗਰਫੈੱਡ ਦੇ ਐਮਡੀ ਰਾਜੀਵ ਗੁਪਤਾ ਸ਼ਾਮਲ ਹਨ।

About The Author

Leave a Reply

Your email address will not be published. Required fields are marked *

error: Content is protected !!