ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਲਈ 30 ਨਵੰਬਰ ਤੱਕ ਕੀਤਾ ਜਾ ਸਕਦੇ ਅਪਲਾਈ : ਵਧੀਕ ਜ਼ਿਲ੍ਹਾ ਚੋਣ ਅਫ਼ਸਰ

0

ਪਟਿਆਲਾ, 1 ਨਵੰਬਰ 2021 : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਕੁੱਲ ਅੱਠ ਵਿਧਾਨ ਸਭਾ ਚੋਣ ਹਲਕਿਆਂ ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਸਨੌਰ, ਪਟਿਆਲਾ, ਸਮਾਣਾ ਅਤੇ ਸ਼ੁਤਰਾਣਾ ਵਿੱਚ ਯੋਗਤਾ ਮਿਤੀ 1 ਜਨਵਰੀ 2022 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਿਵੀਜ਼ਨ ਦਾ ਕੰਮ ਮਿਤੀ 01.11.2021 ਤੋਂ ਸ਼ੁਰੂ ਹੋ ਗਿਆ ਹੈ।

ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦੇਣ ਲਈ ਅੱਜ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮਿੰਨੀ ਸਕੱਤਰੇਤ ਵਿਖੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਅੱਠਾਂ ਵਿਧਾਨ ਸਭਾ ਚੋਣ ਹਲਕਿਆਂ ਦੀ ਫੋਟੋ ਵੋਟਰ ਸੂਚੀਆਂ ਦਾ ਇੱਕ-ਇੱਕ ਸੈਟ ਅਤੇ ਸੀ.ਡੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀ।

ਵਧੀਕ ਜ਼ਿਲ੍ਹਾ ਚੋਣ ਅਫਸਰ ਵੱਲੋਂ ਸੁਧਾਈ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਤੀ 1 ਨਵੰਬਰ 2021 ਤੋਂ ਮਿਤੀ 30 ਨਵੰਬਰ 2021 ਤੱਕ ਆਮ ਜਨਤਾ ਪਾਸੋਂ ਫਾਰਮ ਨੰਬਰ 6, 7, 8, 8ਓ ਵਿਚ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ। ਕਮਿਸ਼ਨ ਦੇ ਇਸ ਪ੍ਰੋਗਰਾਮ ਤਹਿਤ ਮਿਤੀ 6 ਨਵੰਬਰ 2021 (ਦਿਨ ਸ਼ਨੀਵਾਰ), 7 ਨਵੰਬਰ 2021 (ਦਿਨ ਐਤਵਾਰ), 20 ਨਵੰਬਰ 2021 (ਦਿਨ ਸ਼ਨੀਵਾਰ) ਅਤੇ ਮਿਤੀ 21 ਨਵੰਬਰ 2021 (ਦਿਨ ਐਤਵਾਰ) ਨੂੰ ਸਮੂਹ ਪੋਲਿੰਗ ਬੂਥਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾਣੇ ਹਨ, ਜਿੱਥੇ ਬੀ.ਐਲ.ਓਜ਼ ਵੱਲੋਂ

ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਆਪਣੇ ਪੋਲਿੰਗ ਬੂਥਾਂ ਤੇ ਬੈਠ ਕੇ ਆਮ ਜਨਤਾ/ ਬਿਨੈਕਾਰਾਂ ਪਾਸੋਂ ਫਾਰਮ 6,7, 8, 8 ਓ ਪ੍ਰਾਪਤ ਕੀਤੇ ਜਾਣੇ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਹਰੇਕ ਨੌਜਵਾਨ ਜਿਸਦੀ ਉਮਰ 1 ਜਨਵਰੀ 2022 ਨੂੰ 18 ਸਾਲ ਜਾਂ ਵੱਧ ਹੈ, ਦਾ ਨਾਮ ਲਾਜ਼ਮੀ ਤੌਰ ‘ਤੇ ਵੋਟਰ ਸੂਚੀ ਵਿਚ ਸ਼ਾਮਲ ਕਰਵਾਉਣ ਅਤੇ ਇਨ੍ਹਾਂ ਦੀ ਭਾਰਤ ਦੇ ਲੋਕਤੰਤਰ ਵਿੱਚ 100 ਪ੍ਰਤੀਸ਼ਤ ਸਮੂਲੀਅਤ ਕਰਨ ਦਾ ਟੀਚਾ ਰੱਖਿਆ ਹੈ।

ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਜਿਨ੍ਹਾਂ ਵਿਅਕਤੀਆਂ ਦੀ ਉਮਰ ਮਿਤੀ 1 ਜਨਵਰੀ 2022 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਜਾਂ ਕਿਸੇ ਹੋਰ ਏਰੀਏ ਤੋਂ ਸ਼ਿਫਟ ਹੋ ਕੇ ਆਇਆ ਹੈ ਜਾਂ ਕਿਸੇ ਵੋਟਰ ਦੀ ਉਸਦੇ ਸਬੰਧਤ ਬੂਥ ਵਿਚ ਭਾਵ ਜਿੱਥੇ ਉਸਦੀ ਰਿਹਾਇਸ਼ ਹੈ, ਵਿਚ ਉਸਦੀ ਵੋਟ ਨਹੀਂ ਬਣੀ ਹੋਈ ਤਾਂ ਉਹ ਆਪਣੀ ਨਵੀਂ ਵੋਟ ਬਣਾਉਣ ਲਈ ਨਿਰਧਾਰਤ ਫਾਰਮ ਨੰਬਰ 6 ਨਾਲ ਆਪਣੀ ਪਾਸਪੋਰਟ ਸਾਈਜ਼ ਦੀ ਤਾਜ਼ਾ ਫੋਟੋ, ਰਿਹਾਇਸ਼ ਦਾ ਪਰੂਫ ਅਤੇ ਜਨਮ ਮਿਤੀ ਦਾ ਸਬੂਤ ਭਰਕੇ ਅਪਲਾਈ ਕਰ ਸਕਦਾ ਹੈ।

ਵੋਟਰ ਸੂਚੀ ਵਿਚ ਵੋਟਰਾਂ ਦੇ ਗਲਤ ਦਰਜ ਵੇਰਵੇ ਜਿਵੇਂ ਕਿ ਨਾਮ, ਉਮਰ, ਪਿਤਾ ਦਾ ਨਾਂ, ਲਿੰਗ ਆਦਿ ਨੂੰ ਦਰੁਸਤ ਕਰਨ ਲਈ ਫਾਰਮ ਨੰਬਰ 8, ਮਰ ਚੁੱਕੇ/ ਸ਼ਿਫਟ ਹੋ ਚੁੱਕੇ ਵੋਟਰਾਂ ਲਈ ਫਾਰਮ ਨੰਬਰ 7 ਅਤੇ ਜਿਹਨਾਂ ਵੋਟਰਾਂ ਦਾ ਪਤਾ ਜਿਵੇਂ ਕਿ ਮਕਾਨ, ਗਲੀ, ਮੁਹੱਲਾ ਆਦਿ ਗਲਤ ਦਰਜ ਹਨ, ਨੂੰ ਦਰੁਸਤ ਕਰਨ ਲਈ ਫਾਰਮ ਨੰ: 8 ਓ ਵਿਚ ਅਪਲਾਈ ਕੀਤਾ ਜਾ ਸਕਦਾ ਹੈ। ਇਹ ਫਾਰਮ ਪੂਰੇ ਕਰਕੇ ਆਪਣੇ ਏਰੀਏ ਦੇ ਪੋਲਿੰਗ ਬੂਥ ਦੇ ਬੀ.ਐਲ.ਓ ਜਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ/ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਜਾਂ ਜ਼ਿਲਾ ਚੋਣ ਦਫਤਰ ਵਿਚ ਦਿੱਤੇ ਜਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਫਾਰਮ ਬੀ.ਐਲ.ਓ ਤੋਂ ਇਲਾਵਾ ਹੋਰ ਆਨ ਲਾਈਨ ਤਰੀਕੇ ਜਿਵੇਂ ਕਿ ਐਨ.ਵੀ.ਐਸ.ਪੀ. ਪੋਰਟਲ, ਵੋਟਰ ਹੈਲਪ ਲਾਈਨ ਐਪ, ਸੀ.ਐਸ.ਸੀ. ਸੈਂਟਰ ਅਤੇ ਆਫ਼ ਲਾਈਨ ਜਿਵੇਂ ਕਿ ਵਿਦਿਅਕ ਅਦਾਰੇ, ਐਨ.ਜੀ.ਓ., ਯੂਥ ਸਰਵਿਸਜ਼ ਰਾਹੀਂ ਵੀ ਪ੍ਰਾਪਤ ਕੀਤੇ ਜਾਣੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਮਾਜ ਦੇ ਕੁਝ ਖਾਸ ਵਰਗ ਜਿਵੇਂ ਕਿ ਦਿਵਿਆਂਗ ਵਰਗ, ਟਰਾਂਸਜੈਂਡਰ ਵਰਗ ਆਦਿ ਦੇ ਯੋਗ ਵਿਅਕਤੀ ਦੀ ਵੋਟਰ ਰਜਿਸਟਰੇਸ਼ਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲਾ ਪਟਿਆਲਾ ਵਿਚ ਕੁੱਲ 1784 ਪੋਲਿੰਗ ਸਟੇਸ਼ਨ ਹਨ ਅਤੇ ਹਰੇਕ ਪੋਲਿੰਗ ਸਟੇਸ਼ਨ ਤੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਵੱਲੋਂ ਬੀ.ਐਲ.ਓ ਦੀ ਨਿਯੁਕਤੀ ਕੀਤੀ ਗਈ ਹੈ। ਜ਼ਿਲਾ ਪਟਿਆਲਾ ਵਿਚ ਕੁੱਲ ਵੋਟਰਾਂ ਦੀ ਗਿਣਤੀ 1475754 ਹੈ, ਜਿਸ ਵਿਚ ਕੁੱਲ 772467 ਮਰਦ ਅਤੇ 703228 ਔਰਤ ਅਤੇ 59 ਟਰਾਂਸਜੈਂਡਰ ਹਨ।

ਜ਼ਿਲਾ ਚੋਣ ਅਫਸਰ ਪਟਿਆਲਾ ਵੱਲੋਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਪੋਲਿੰਗ ਸਟੇਸ਼ਨ ਤੇ ਆਪਣੇ- ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਕਿਹਾ ਗਿਆ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੀ ਭੋਲਾ ਸਿੰਘ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਸ਼੍ਰੀ ਮਹਿੰਦਰ ਸਿੰਘ ਤੋਂ ਇਲਾਵਾ ਚੋਣ ਤਹਿਸੀਲਦਾਰ ਸ਼੍ਰੀ ਰਾਮਜੀ ਲਾਲ, ਚੋਣ ਕਾਨੂੰਗੋ ਸ਼੍ਰੀਮਤੀ ਪ੍ਰਿਅੰਕਾ ਰਾਣੀ ਅਤੇ ਸ਼੍ਰੀ ਕੁਲਜੀਤ ਸਿੰਘ ਹਾਜ਼ਰ ਸਨ। ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੋਟਰ ਰਜਿਸਟਰੇਸ਼ਨ ਦੀ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਅਤੇੇ ਜ਼ਿਲਾ ਪ੍ਰਸ਼ਾਸਨ ਦੇ ਇਸ ਅਹਿਮ ਕੰਮ ਵਿਚ ਆਪਣੀ ਭਾਗੀਦਾਰੀ ਯਕੀਨੀ ਬਣਾਈ ਜਾਵੇ।

ਕੈਪਸ਼ਨ: ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਸਿੰਘ ਥਿੰਦ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ।

About The Author

Leave a Reply

Your email address will not be published. Required fields are marked *

error: Content is protected !!