ਗੱਲ ਤਾਂ ਕਾਂਗਰਸ ਦੀ ਸਿਆਸੀ ਮਾਂ ਦੀ ਹੋਈ ਹੈ ਜਿਸਨੇ ਸ੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜ੍ਹੀਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ : ਜਸਵੀਰ ਸਿੰਘ ਗੜ੍ਹੀ

0
ਫਗਵਾੜਾ, 31 ਅਕਤੂਬਰ 2021 :  ਆਪਣੀਆਂ ਨਾਕਾਮੀਆਂ ਨੂੰ ਲੁਕੋਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਾਂਗਰਸ ਦਾ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਧਾਲੀਵਾਲ ਆਪਣੀ ਕਾਂਗਰਸੀਆਂ ਦੀ ਫੌਜ ਦੇ ਨਾਲ ਧਰਨੇ ਤੇ ਬੈਠਕੇ ਚੀਕ ਚਿਹਾੜ੍ਹਾ ਪਾਈ ਫਿਰਦਾ ਅਖੇ ਜਸਵੀਰ ਸਿੰਘ ਗੜ੍ਹੀ ਗਲਤ ਬੋਲਦਾ ਪਰ ਕਾਂਗਰਸੀਓ, ਤੁਸੀਂ ਗੜ੍ਹੀ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਜਿੰਨਾਂ ਮਰਜ਼ੀ ਝੂਠਾ ਪ੍ਰਚਾਰ ਕਰ ਲਵੋ ਲੋਕ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੇ ਕਿਉਂਕਿ ਲੋਕ ਜਾਣਦੇ ਹਨ ਕਿ ਗੜ੍ਹੀ ਨੇ ਕਾਂਗਰਸੀਆਂ ਦੀ ਸਿਆਸੀ ਮਾਂ ਦੀ ਗੱਲ ਕੀਤੀ ਹੈ ਜਿਸਨੂੰ ਸਾਰੇ ਕਾਂਗਰਸੀ ਆਪਣੀ ਮਾਂ ਕਹਿੰਦੇ ਥੱਕਦੇ ਨਹੀਂ ਅਤੇ ਕਾਂਗਰਸੀਆਂ ਦੀ ਉਸ ਮਾਂ ਨੇ ਫੌਜਾਂ ਭੇਜਕੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ, ਗੱਲ ਕਾਂਗਰਸੀਆਂ ਦੀ ਉਸ ਸਿਆਸੀ ਮਾਂ ਦੀ ਕੀਤੀ ਗਈ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਐਤਵਾਰ ਨੂੰ ਟਿੱਬੀ ਇਲਾਕੇ ਵਿੱਚ ਬਸਪਾ-ਅਕਾਲੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਅਪਾਰ ਸ਼ਰਧਾ ਰੱਖਣ ਵਾਲਾ ਗੁਰੂ ਦਾ ਸਿੱਖ ਜਸਵੀਰ ਸਿੰਘ ਗੜ੍ਹੀ ਸਾਰੀਆਂ ਮਾਵਾਂ ਦਾ ਸਤਿਕਾਰ ਕਰਦਾ ਹੈ ਅਤੇ ਇਸਦੇ ਲਈ ਉਨ੍ਹਾਂ ਨੂੰ ਕਿਸੇ ਕਾਂਗਰਸੀਏ ਤੋਂ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਹੈ। ਸ. ਗੜ੍ਹੀ ਨੇ ਕਿਹਾ ਕਿ ਕਾਂਗਰਸੀਆਂ ਦੀ ਸਿਆਸੀ ਮਾਂ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਉਸ ਤੋਂ ਬਾਅਦ 1984 ਵਿੱਚ ਜੋ ਕਤਲੇਆਮ ਇਨ੍ਹਾਂ ਕਾਂਗਰਸੀਆਂ ਨੇ ਕੀਤਾ ਉਸਦੇ ਜ਼ਖਮ ਅੱਜ ਵੀ ਅੱਲ੍ਹੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਬਲਵਿੰਦਰ ਧਾਲੀਵਾਲ ਆਪਣੀ ਕਾਂਗਰਸੀਆਂ ਦੀ ਫੌਜ ਨੂੰ ਨਾਲ ਲੈਕੇ ਰੈਸਟ ਹਾਊਸ ਵਿੱਚ ਧਰਨੇ ਤੇ ਬੈਠਕੇ ਕਹਿੰਦਾ ਕਿ ਤਿੰਨ ਦਿਨਾਂ ਵਿੱਚ ਗੜ੍ਹੀ ਮਾਫੀ ਮੰਗੇ, ਪਰ ਕਾਂਗਰਸ ਵਾਲਿਓ ਇਹ ਤਾਂ ਦੱਸੋ ਕਿ 1984 ਤੋਂ ਲੈ ਕੇ ਹੁਣ ਤੱਕ ਕਿਹੜੇ ਕਾਂਗਰਸੀਏ ਨੇ ਸਿੱਖ ਕਤਲੇਆਮ ਲਈ ਮਾਫੀ ਮੰਗੀ ਹੈ ? ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜਣ ਵਾਲੀ ਕਾਂਗਰਸ ਨੇ ਤਾਂ ਅਜੇ ਤੱਕ ਮੁਆਫੀ ਨਹੀਂ ਮੰਗੀ ਤੇ ਇਹ ਕਿਹੜੇ ਮੂੰਹ ਨਾਲ ਮੁਆਫੀ ਦੀਆਂ ਗੱਲਾਂ ਕਰ ਰਹੇ ਹਨ ? ਸ. ਗੜੀ ਨੇ ਕਿਹਾ ਕਿ ਕਾਂਗਰਸੀ ਮਾਫੀ ਤਾਂ ਦੂਰ ਉਨਾਂ ਨੂੰ ਮਾਣ ਦੇ ਰਹੇ ਹਨ ਜਿਨਾਂ ਸਿੱਖ ਕਤਲੇਆਮ ਕੀਤਾ ਅਤੇ ਜਗਦੀਸ਼ ਟਾਈਟਲਰ ਉਸਦਾ ਸਬੂਤ ਹੈ ਜਿਸਨੂੰ ਕਾਂਗਰਸ ਨੇ ਹਾਈਪਾਵਰ ਕਮੇਟੀ ਵਿੱਚ ਲਿਆ ਹੈ ਅਤੇ ਟਾਈਟਲਰ ਦੀ ਨਿਯੁਕਤੀ ਤੇ ਵਿਧਾਇਕ ਧਾਲੀਵਾਲ ਸਮੇਤ ਸਾਰੀ ਪੰਜਾਬ ਕਾਂਗਰਸ ਦੇ ਮੂੰਹ ‘ਚ ਦਹੀਂ ਜੰਮ ਗਿਆ।
ਸ. ਗੜ੍ਹੀ ਨੇ ਕਿਹਾ ਕਿ ਕਾਂਗਰਸੀਆਂ ਨੂੰ ਹਾਥੀ ਡਰਾ ਰਿਹਾ ਹੈ ਅਤੇ ਫਿਕਰਮੰਦੀ ਵੀ ਇਸੇ ਗੱਲ ਦੀ ਕਿ ਕਾਂਗਰਸੀਆਂ ਨੂੰ ਜ਼ਿਮਨੀ ਚੋਣ ਵਿੱਚ ਧੱਕਾ ਕਰਕੇ ਮਿਲੀ ਫਗਵਾੜੇ ਦੀ ਸੀਟ ਹੁਣ ਮੁੜ ਤੋਂ ਖੁੱਸਦੀ ਨਜ਼ਰ ਆ ਰਹੀ ਹੈ ਤੇ ਚੀਕਾਂ ਇਸੇ ਗੱਲ ਦੀਆਂ ਵੱਜ ਰਹੀਆਂ ਹਨ। ਸ. ਗੜ੍ਹੀ ਨੇ ਕਿਹਾ ਕਿ ਉਹ ਕਾਂਗਰਸੀਆਂ ਦੀ ਹਿੱਕ ਵਿੱਚ ਸਿੱਧਾ ਹੋ ਕੇ ਵੱਜਣਗੇ ਅਤੇ ਸ. ਗੜ੍ਹੀ ਦੀ ਇਸ ਗੱਲ ਤੇ ਹਾਜ਼ਰ ਸਾਰੇ ਹੀ ਲੋਕਾਂ ਨੇ ਆਪਣਾ ਜ਼ਬਰਦਸਤ ਸਮਰਥਨ ਦਿੰਦਿਆਂ ਕਿਹਾ ਕਿ‘ਜਸਵੀਰ ਗੜ੍ਹੀ ਸੰਘਰਸ਼ ਕਰੋ, ਹਮ ਤੁਮਹਾਰੇ ਸਾਥ ਹੈਂ’।
ਸ. ਗੜ੍ਹੀ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਨੂੰ ਆਪਣੀ ਸਿਆਸੀ ਮਾਂ ਦਾ ਤਾਂ ਦੁੱਖ ਲੱਗਿਆ ਪਰ ਜਿਉਂਦੀਆਂ ਮਾਵਾਂ ਦੀ ਸਾਰ ਲੈਣ ਦਾ ਇਹਨਾਂ ਕਾਂਗਰਸੀਆਂ ਨੂੰ ਨਹੀਂ ਪਤਾ। ਉਨ੍ਹਾਂ ਫਗਵਾੜਾ ਇਲਾਕੇ ਦੇ ਪੀਪਾਰੰਗੀ, ਸ਼ਾਮ ਨਗਰ, ਸ਼ਿਵਪੁਰੀ ਇਲਾਕੇ ਵਿੱਚ ਗੰਦੇ ਪਾਣੀ ਦੀ ਸਪਲਾਈ ਕਰਕੇ ਅੱਧੀ ਦਰਜਨ ਤੋਂ ਵੱਧ ਹੋਈਆਂ ਮੌਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਦਾ ਪ੍ਰਚਾਰ ਤੰਤਰ ਇਸ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ ਮੌਤਾਂ ਸਿਰਫ 2 ਹੀ ਹੋਈਆਂ ਹਨ ਜਦਕਿ ਬਸਪਾ ਨੇ ਜ਼ਮੀਨੀ ਹਕੀਕਤ ਰਾਹੀਂ ਪਤਾ ਲਗਾਇਆ ਕਿ ਮੌਤਾਂ ਅੱਧੀ ਦਰਜਨ ਤੋਂ ਵੱਧ ਹੋਈਆਂ ਜਿਨ੍ਹਾਂ ਦੀ ਲਿਸਟ ਵੀ ਬਸਪਾ-ਅਕਾਲੀ ਦਲ ਵੱਲੋਂ ਜਨਤਕ ਕੀਤੀ ਜਾ ਚੁੱਕੀ ਹੈ। ਸ. ਗੜ੍ਹੀ ਨੇ ਕਿਹਾ ਕਿ ਆਪਣੀ ਸਿਆਸੀ ਮਾਂ ਦਾ ਹੇਜ ਕਰਨ ਲਈ ਧਰਨੇ ਤੇ ਬੈਠੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਧਾਲੀਵਾਲ ਨੂੰ ਉਨ੍ਹਾਂ ਮਾਵਾਂ ਦਾ ਤਾਂ ਹੇਜ ਨਹੀਂ ਜਾਗਿਆ ਜਿਹੜੀਆਂ ਕਾਂਗਰਸ ਦਾ ਗੰਦਾ ਪਾਣੀ ਪੀ ਕੇ ਮਰ ਗਈਆਂ।
ਉਨ੍ਹਾਂ ਕਿਹਾ ਕਿ ਪੀਪਾਰੰਗੀ, ਸ਼ਾਮਨਗਰ ਅਤੇ ਸ਼ਿਵਪੁਰੀ ਵਿਚ ਜਾ ਕੇ ਇਨ੍ਹਾਂ ਕਾਂਗਰਸੀਆਂ ਨੂੰ ਧਰਨਾ ਦੇਣਾ ਚਾਹੀਦਾ ਸੀ ਜਿਹੜੇ ਰੈਸਟ ਹਾਊਸ ਵਿੱਚ ਬੈਠ ਕੇ ਚੀਕਾਂ ਮਾਰ ਰਹੇ ਹਨ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਦੂਜੇ ਸੂਬੇ ਵਿੱਚ ਮਰਨ ਵਾਲਿਆਂ ਨੂੰ ਪੰਜਾਬ ਦਾ ਮੁੱਖ ਮੰਤਰੀ 50-50 ਲੱਖ ਰੁਪਏ ਤੇ ਇੱਕ ਨੌਕਰੀ ਦੇ ਰਿਹਾ ਪਰ ਜਿਹੜੇ ਇਸ ਕਾਂਗਰਸੀ ਹਕੂਮਤ ਦਾ ਗੰਦਾ ਪਾਣੀ ਪੀ ਕੇ ਫਗਵਾੜਾ ਦੇ ਵਿੱਚ ਮਰੇ ਉਨ੍ਹਾਂ ਦਾ ਪਤਾ ਲੈਣ ਲਈ ਵੀ ਕੋਈ ਕਾਂਗਰਸੀ ਨਹੀਂ ਆਇਆ। ਸ. ਗੜ੍ਹੀ ਨੇ ਕਿਹਾ ਕਿ ਬਸਪਾ ਵਰਕਰਾਂ ਨੂੰ ਕਾਂਗਰਸੀ ਆਗੂ ਪੁਲਿਸ ਰਾਹੀਂ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਬਸਪਾ ਦੇ ਵਰਕਰ ਡਰਨ ਵਾਲੇ ਨਹੀਂ।
ਸ. ਗੜ੍ਹੀ ਨੇ ਕਿਹਾ ਕਿ ਕਾਂਗਰਸੀ ਨਹੀਂ ਚਾਹੁੰਦੇ ਕਿ ਇੱਕ ਮਜ਼ਦੂਰ ਦਾ ਪੁੱਤ ਅੱਗੇ ਵਧੇ ਇਹੋ ਕਾਰਣ ਹੈ ਕਿ ਕਾਂਗਰਸ ਆਪਣੀਆਂ ਘਟੀਆ ਹਰਕਤਾਂ ਤੇ ਉਤਰ ਆਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਜ਼ਾਦੀ ਦੇ 74 ਸਾਲਾਂ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁੱਝ ਨਾ ਕਰਨ ਵਾਲੀ ਕਾਂਗਰਸ ਦੇ ਨੁਮਾਇੰਦੇ ਜਦੋਂ ਵੋਟਾਂ ਮੰਗਣ ਆਉਣ ਤਾਂ ਪੁੱਛਣਾ ਘਰ-ਘਰ ਨੌਕਰੀ ਕਿੱਥੇ ਹੈ ? ਬੁਢਾਪਾ ਪੈਨਸ਼ਨ 2500 ਰੁਪਏ ਕਹੀ ਸੀ, ਉਹ ਕਿਉਂ ਨਹੀਂ ਦਿੱਤੀ ? ਬੇਰੁਜ਼ਗਾਰੀ ਭੱਤੇ ਦਾ 2500 ਰੁਪਏ ਮਹੀਨਾਂ ਕਿੱਥੇ ਗਿਆ ? ਮੋਬਾਈਲ ਵੀ ਦੇਣੇ ਸੀ, ਉਨ੍ਹਾਂ ਦਾ ਕੀ ਬਣਿਆ ? ਸ. ਗੜ੍ਹੀ ਨੇ ਕਿਹਾ ਕਿ ਸਮਾਂ ਨਜ਼ਦੀਕ ਹੈ ਇਸਲਈ ਬਗੈਰ ਕਿਸੇ ਦੇਰੀ ਤੋਂ ਮੈਦਾਨ ਵਿੱਚ ਡਟ ਜਾਓ ਤਾਂ ਜੋ ਪੰਜਾਬ ਵਿੱਚ ਲੋਕਾਂ ਦੀ ਆਪਣੀ ਅਕਾਲੀ-ਬਸਪਾ ਦੀ ਸਰਕਾਰ ਬਣ ਸਕੇ ਅਤੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮੁੜ ਤੋਂ ਮਿਲਣੀਆਂ ਸ਼ੁਰੂ ਹੋਣ।

About The Author

Leave a Reply

Your email address will not be published. Required fields are marked *

You may have missed