ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਹੁਣ ਤੱਕ ਖਰੀਦੀਆਂ ਗਈਆਂ ਸਾਰੀਆਂ ਖੇਤੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਿਜ਼ੀਕਲ ਵੈਰੀਫਿਕੇਸ਼ਨ

0

ਚੰਡੀਗੜ੍ਹ, 31 ਅਕਤੂਬਰ 2021 :  ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਰਣਦੀਪ ਸਿੰਘ ਨਾਭਾ ਨੇ ਸਾਰੇ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ, ਜਿਨ੍ਹਾਂ ਨੇ ਮਸ਼ੀਨਾਂ ਦੀ ਖਰੀਦ ਲਈ ਮਨਜ਼ੂਰੀ ਪ੍ਰਾਪਤ ਕੀਤੀ ਹੈ, ਨੂੰ ਅਪੀਲ ਕੀਤੀ ਹੈ ਕਿ ਉਹ 1.11.2021 ਨੂੰ ਸਾਰੀਆਂ ਮਸ਼ੀਨਾਂ ਦੀ ਭੌਤਿਕ ਤਸਦੀਕ ਕਰਨ ਲਈ ਸਾਰੇ ਬਲਾਕ ਖੇਤੀਬਾੜੀ ਅਫ਼ਸਰਾਂ ਦੇ ਦਫ਼ਤਰਾਂ ਜਾਂ ਨਿਰਧਾਰਤ ਬਦਲਵੇਂ ਸਥਾਨਾਂ `ਤੇ ਲਿਆਉਣ। ਮਸ਼ੀਨਾਂ ਦੀ ਤਸਦੀਕ ਹੋਣ ਤੋਂ ਬਾਅਦ ਸਬਸਿਡੀ ਜਾਰੀ ਕਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸਕੀਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨਾਂ ਜਾਂ ਸਹਿਕਾਰੀ ਅਦਾਰਿਆਂ ਦੇ ਬੈਂਕ ਖਾਤਿਆਂ ਵਿੱਚ ਸਬਸਿਡੀ ਦੀ ਵੰਡ ਕੀਤੀ ਜਾਵੇਗੀ।

ਉਨ੍ਹਾਂ ਅਨੁਸੂਚਿਤ ਜਾਤੀਆਂ, ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਦੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਲਈ ਬਿਨੈ ਪੱਤਰ ਵਿਭਾਗ ਦੇ ਪੋਰਟਲ agrimachinerypb.com ਰਾਹੀਂ ਜਮ੍ਹਾ ਕਰਵਾਉਣ ਦੀ ਵੀ ਸਲਾਹ ਦਿੱਤੀ।ਕਿਸੇ ਵੀ ਮੁਸ਼ਕਲ ਦੀ ਸਥਿਤੀ ਵਿੱਚ ਵਿਭਾਗ ਦੇ ਅਧਿਕਾਰੀਆਂ ਦੁਆਰਾ ਪੋਰਟਲ `ਤੇ ਅਰਜ਼ੀਆਂ ਜਮ੍ਹਾਂ ਕਰਾਉਣ ਵਿੱਚ ਮਦਦ ਕੀਤੀ ਜਾਵੇਗੀ।
ਛੋਟੇ, ਸੀਮਾਂਤ ਅਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਬਿਨਾਂ ਕਿਰਾਏ ਦੇ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਪੰਚਾਇਤਾਂ ਅਤੇ ਸਹਿਕਾਰੀ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।

ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਸਲਾਹ ਦਿੱਤੀ ਗਈ ਹੈ ਅਤੇ ਰਾਜ ਵਿੱਚ ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਅਤੇ ਹੋਰ ਕਸਟਮ ਹਾਇਰਿੰਗ ਸੈਂਟਰਾਂ ਨੂੰ ਉਪਲਬਧ ਕਰਵਾਈਆਂ ਗਈਆਂ ਮਸ਼ੀਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਕਿਸਾਨ ਬਾਇਓ ਡੀਕੰਪੋਜ਼ਰ, ਕਣਕ ਦੀ ਸਿੱਧੀ ਬਿਜਾਈ ਵਰਗੇ ਹੋਰ ਵਿਕਲਪਾਂ ਦੀ ਵਰਤੋਂ ਕਰ ਸਕਦੇ ਹਨ।

ਸ. ਨਾਭਾ ਨੇ ਕਿਹਾ ਕਿ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਸਕੀਮ ਤਹਿਤ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਪੀ.ਏ.ਸੀ.ਐਸ., ਪੰਚਾਇਤਾਂ, ਕਿਸਾਨ ਸੁਸਾਇਟੀਆਂ ਅਧੀਨ ਰਜਿਸਟਰਡ ਸੀ.ਐਚ.ਸੀਜ਼ ਅਤੇ ਵਿਅਕਤੀਗਤ ਕਿਸਾਨਾਂ ਨੂੰ 31970 ਖੇਤੀ ਮਸ਼ੀਨਾਂ/ਉਪਕਰਨ ਖਰੀਦਣ ਲਈ ਹੁਣ ਤੱਕ 10297 ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਹੈ।ਇਸ ਵਿੱਚ ਵਿਅਕਤੀਗਤ ਕਿਸਾਨਾਂ ਲਈ 10023; ਸੀਐਚਸੀ ਲਈ 15498 ਮਸ਼ੀਨਾਂ; ਪੰਚਾਇਤਾਂ ਲਈ 5543, ਪੀਏਸੀਐਸ ਲਈ 906 ਮਸ਼ੀਨਾਂ ਸ਼ਾਮਲ ਹਨ।

ਸੀਆਰਐਮ ਸਕੀਮ ਦੇ ਤਹਿਤ, ਰਾਜ ਸਰਕਾਰ ਨੇ ਕਿਸਾਨਾਂ ਨੂੰ ਸਬਸਿਡੀ `ਤੇ ਅਤਿ-ਆਧੁਨਿਕ ਮਸ਼ੀਨਾਂ ਪ੍ਰਦਾਨ ਕਰਨ `ਤੇ ਧਿਆਨ ਕੇਂਦਰਿਤ ਕੀਤਾ ਹੈ ਜਿਸ ਵਿੱਚ ਪਰਾਲੀ ਦੇ ਖੇਤ ਵਿੱਚ ਪ੍ਰਬੰਧਨ ਲਈ ਸੁਪਰ ਐਸਐਮਐਸ, ਸੁਪਰ ਸੀਡਰ, ਹੈਪੀ ਸੀਡਰ, ਪੈਡੀ ਸਟਰਾਅ ਚੋਪਰ/ਸ਼ਰੇਡਰ/ਮਲਚਰ, ਹਾਈਡ੍ਰੌਲਿਕ ਰਿਵਰਸੀਬਲ ਮੋਲਡ ਬੋਰਡ ਹਲ ਅਤੇ ਜ਼ੀਰੋ ਟਿਲ ਡਰਿੱਲ ਅਤੇ ਪਰਾਲੀ ਦੇ ਖੇਤ ਤੋਂ ਬਾਹਰ ਪ੍ਰਬੰਧਨ ਲਈ ਬੇਲਰ ਅਤੇ ਰੇਕ ਮਸ਼ੀਨਾਂ ਸ਼ਾਮਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਕਿਸਾਨਾਂ ਨੂੰ 76,626 ਝੋਨੇ ਦੀ ਪਰਾਲੀ ਪ੍ਰਬੰਧਨ ਮਸ਼ੀਨਾਂ ਸਬਸਿਡੀ `ਤੇ ਦਿੱਤੀਆਂ ਗਈਆਂ ਹਨ। ਮੰਤਰੀ ਨੇ ਅੱਗੇ ਦੱਸਿਆ ਕਿ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਤਰਨਤਾਰਨ, ਮੋਗਾ, ਲੁਧਿਆਣਾ ਅਤੇ ਮਾਨਸਾ ਨੂੰ ਵੀ ਹੌਟਸਪੌਟ ਜ਼ਿਲ੍ਹਿਆਂ ਵਜੋਂ ਪਛਾਣਿਆ ਗਿਆ ਹੈ, ਜਿੱਥੇ ਪਿਛਲੇ ਸਮੇਂ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਲਈ ਪਿੰਡਾਂ ਵਿੱਚ ਸਿਖਲਾਈ ਕੈਂਪ, ਸਕੂਲੀ ਬੱਚਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ; ਮਸ਼ੀਨਾਂ ਦੀ ਬਿਹਤਰ ਵਰਤੋਂ ਲਈ ਸਿਖਲਾਈ; ਪ੍ਰਮੁੱਖ ਥਾਵਾਂ `ਤੇ ਦੀਵਾਰਾਂ `ਤੇ ਸੋਚ-ਉਕਸਾਉਣ ਵਾਲੇ ਸੰਦੇਸ਼ ਲਗਾਏ ਗਏ ਹਨ। ਹਰੇਕ ਜ਼ਿਲ੍ਹੇ ਦੇ ਦੂਰ-ਦੂਰ ਤੱਕ ਸੰਦੇਸ਼ ਪਹੁੰਚਾਉਣ ਲਈ ਵਿਸ਼ੇਸ਼ ਡਿਸਪਲੇ ਵੈਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਸ. ਨਾਭਾ ਨੇ ਦੱਸਿਆ ਕਿ ਰਾਜ ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਲਾਗੂ ਕਰਨ ਅਤੇ ਰੈਗੂਲੇਟਰੀ ਉਪਾਵਾਂ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਵੀ ਤਾਇਨਾਤ ਕੀਤੀ ਹੈ ਤਾਂ ਜੋ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਨੂੰ ਯਕੀਨੀ ਬਣਾਇਆ ਜਾ ਸਕੇ। ਕਿਸਾਨਾਂ ਨੂੰ ਸੀ.ਐਚ.ਸੀਜ਼ ਤੋਂ ਵਰਤੋਂ ਲਈ ਮਸ਼ੀਨਾਂ ਲੈਣ ਵਾਸਤੇ ਨੋਡਲ ਅਧਿਕਾਰੀਆਂ ਦੀ ਸਹਾਇਤਾ ਲੈਣ ਅਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਨਾਲ ਵਿਕਸਤ ਆਈ-ਖੇਤ ਮਸ਼ੀਨ ਐਪ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਸੀਐਚਸੀ ਅਤੇ ਵਿਅਕਤੀਗਤ ਕਿਸਾਨਾਂ ਦੁਆਰਾ ਖਰੀਦੀਆਂ ਗਈਆਂ ਸਾਰੀਆਂ ਮਸ਼ੀਨਾਂ ਦੀ ਆਈ ਖੇਤ ਮਸ਼ੀਨ ਨਾਲ ਮੈਪਿੰਗ ਕੀਤੀ ਜਾਂਦੀ ਹੈ ਅਤੇ ਕੋਈ ਵੀ ਆਪਣੇ ਆਲੇ ਦੁਆਲੇ 5 ਤੋਂ 25 ਕਿਲੋਮੀਟਰ ਦੇ ਘੇਰੇ ਵਿੱਚ ਉਪਲਬਧ ਮਸ਼ੀਨਾਂ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ।

About The Author

Leave a Reply

Your email address will not be published. Required fields are marked *

You may have missed