ਸੌਰ ਬਿਜਲੀ ਪ੍ਰਾਜੈਕਟਾਂ ਦੀਆਂ ਮਹਿੰਗੀਆਂ ਦਰਾਂ ਘਟਾਉਣ ਲਈ ਠੋਸ ਕਾਰਵਾਈ ਕੀਤੀ ਜਾਵੇ : ਵੇਰਕਾ

0

ਚੰਡੀਗੜ੍ਹ, 30 ਅਕਤੂਬਰ 2021 :  ਸੋਲਰ ਪਾਵਰ ਪ੍ਰਾਜੈਕਟਾਂ ਦੀਆਂ ਮਹਿੰਗੀਆਂ ਦਰਾਂ ਦਾ ਅਸਰ ਸੂਬੇ ਦੇ ਲੋਕਾਂ `ਤੇ ਪੈਣ ਦੇ ਮੱਦੇਨਜ਼ਰ ਪੰਜਾਬ ਦੇ ਨਵੇਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸੋਲਰ ਪਾਵਰ ਪ੍ਰਾਜੈਕਟਾਂ ਦੇ ਬਿਜਲੀ ਖ਼ਰੀਦ ਸਮਝੌਤਿਆਂ (ਪੀ.ਪੀ.ਏ.) ਦੀਆਂ ਦਰਾਂ ਘਟਾਉਣ ਲਈ ਠੋਸ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਦਰਾਂ ਘਟਾਉਣ ਦੀਆਂ ਸੰਭਾਵਨਾਵਾਂ ਦੀ ਪੜਚੋਲ ਲਈ ਠੋਸ ਤਰਕ ਅਤੇ ਕਾਰਜਪ੍ਰਣਾਲੀ ਤੁਰੰਤ ਅਰੰਭੀ ਜਾਵੇ।

ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਵੇਰਕਾ ਨੇ ਮਹਿੰਗੀਆਂ ਬਿਜਲੀ ਦਰਾਂ ਘਟਾਉਣ ਦੀ ਲੋੜ `ਤੇ ਜ਼ੋਰ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿੰਗੀਆਂ ਬਿਜਲੀ ਖ਼ਰੀਦ ਦਰਾਂ ਘਟਾਉਣ ਲਈ ਵਿਧਾਨ ਸਭਾ ਵਿੱਚ ਕਾਨੂੰਨ ਲਿਆਉਣ ਦੀ ਸੰਭਾਵਨਾ ਸਣੇ ਸਾਰੇ ਤਰੀਕਿਆਂ ਦੀ ਪੜਚੋਲ ਕੀਤੀ ਜਾ ਰਹੀ ਹੈ ਕਿਉਂਕਿ ਬਿਜਲੀ ਸਬੰਧੀ ਕਾਨੂੰਨ ਵਿੱਚ ਤਬਦੀਲੀ ਸੂਬੇ ਦੇ ਅਧਿਕਾਰੀ ਦਾ ਵੀ ਵਿਸ਼ਾ ਹੈ। ਮੀਟਿੰਗ ਦੌਰਾਨ ਸ੍ਰੀ ਐੱਚ.ਐੱਸ. ਹੰਸਪਾਲ ਚੇਅਰਮੈਨ ਪੇਡਾ, ਸ੍ਰੀ ਵੇਨੂ ਪ੍ਰਸਾਦ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਪੀ.ਐਸ.ਪੀ.ਸੀ.ਐਲ, ਸ੍ਰੀ ਕੇ.ਪੀ. ਸਿਨਹਾ ਪ੍ਰਮੁੱਖ ਸਕੱਤਰ ਬਿਜਲੀ ਤੇ ਐਨ.ਆਰ.ਈ.ਐਸ. ਵਿਭਾਗ, ਸ੍ਰੀ ਐਨ.ਪੀ.ਐਸ. ਰੰਧਾਵਾ ਮੁੱਖ ਕਾਰਜਕਾਰੀ ਅਧਿਕਾਰੀ ਪੇਡਾ, ਸ੍ਰੀ ਐਮ.ਪੀ. ਸਿੰਘ ਡਾਇਰੈਕਟਰ ਪੇਡਾ, ਸ੍ਰੀ ਪਰਮਜੀਤ ਸਿੰਘ ਡਾਇਰੈਕਟਰ ਜੈਨਰੇਸ਼ਨ ਪੀ.ਐਸ.ਪੀ.ਸੀ.ਐਲ. ਅਤੇ ਸ੍ਰੀ ਮਨਜੀਤ ਸਿੰਘ ਐਸ.ਈ. (ਆਈ.ਪੀ.ਸੀ) ਪੀ.ਐਸ.ਪੀ.ਸੀ.ਐਲ. ਸ਼ਾਮਲ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਕਰੀਬ 7-8 ਸਾਲ ਪਹਿਲਾਂ ਤਿੰਨ ਪੜਾਵਾਂ ਵਿੱਚ ਪੀ.ਪੀ.ਏ. `ਤੇ ਹਸਤਾਖ਼ਰ ਕੀਤੇ ਗਏ ਸਨ ਜਦੋਂ ਕੌਮੀ ਪੱਧਰ `ਤੇ ਸੌਰ ਊਰਜਾ ਦੀ ਕੀਮਤ ਅੱਜ ਦੇ ਮੁਕਾਬਲਤਨ ਬਹੁਤ ਜ਼ਿਆਦਾ ਸੀ, ਇਸ ਲਈ ਇਨ੍ਹਾਂ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਜਦ ਮੌਜੂਦਾ ਸਮੇਂ ਵਿੱਚ ਸੌਰ ਊਰਜਾ ਦੀ ਲਾਗਤ ਬਹੁਤ ਘੱਟ ਹੈ ਤਾਂ ਵੀ ਪੀ.ਐਸ.ਪੀ.ਸੀ.ਐਲ. ਵੱਲੋਂ ਇਨ੍ਹਾਂ ਮਹਿੰਗੀਆਂ ਦਰਾਂ ਦੀ ਅਦਾਇਗੀ ਕੀਤੀ ਜਾ ਰਹੀ ਹੈ, ਜੋ ਸਰਾਸਰ ਗ਼ਲਤ ਹੈ।

ਬਿਜਲੀ ਖ਼ਰੀਦ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਸੀ.ਐਮ.ਡੀ. ਪੀ.ਐਸ.ਪੀ.ਸੀ.ਐਲ. ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਬਿਜਲੀ ਖ਼ਰੀਦ ਸਬੰਧੀ ਦਰ ਕਾਫ਼ੀ ਘੱਟ ਹੈ, ਇਸ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਬਹੁਤ ਅਰਸਾ ਪਹਿਲਾਂ ਦਸਤਖ਼ਤ ਕੀਤੇ ਗਏ ਬਿਜਲੀ ਖ਼ਰੀਦ ਸਮਝੌਤਿਆਂ ਦੀਆਂ ਦਰਾਂ ਵਿੱਚ ਕਟੌਤੀ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਯਤਨ ਕੀਤੇ ਜਾ ਰਹੇ ਹਨ।

About The Author

Leave a Reply

Your email address will not be published. Required fields are marked *

You may have missed