ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਭਾਰਤੀ ਸਿੱਖਿਆ ਮੰਡਲ ਦੇ ਰਿਸਰਚ ਫਾਰ ਰਿਸਰਜੈਂਸ ਫਾਊਂਡੇਸ਼ਨ ਵਿਚਕਾਰ ਸਮਝੌਤਾ ਪੱਤਰ ਸਹੀਬੰਦ ਕੀਤਾ ਗਿਆ

0

ਬਠਿੰਡਾ, 28 ਅਕਤੂਬਰ 2021 : ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਯੋਗ ਅਗਵਾਈ ਹੇਠ ਪੰਜਾਬ ਕੇਂਦਰੀ ਯੂਨੀਵਰਸਿਟੀ,ਬਠਿੰਡਾ (ਸੀਯੂਪੀਬੀ) ਦੁਆਰਾ ਇੱਕ ਨਵੀਨਤਮ ਅਕਾਦਮਿਕ ਸਾਂਝੇਦਾਰੀ ਨੂੰ ਉਤਸਾਹਿਤ ਕਰਨ ਲਈ ਭਾਰਤੀ ਸਿੱਖਿਆ ਮੰਡਲ ਦੇ ਰਿਸਰਚ ਫਾਰ ਰਿਸਰਜੈਂਸ ਫਾਊਂਡੇਸ਼ਨ ਨਾਲ ਸਮਝੌਤਾ ਪੱਤਰ (ਐਮਓਯੂ) ਸਹੀਬੰਦ ਕੀਤਾ ਗਿਆ। ਇਸ ਸਹਿਮਤੀ ਪੱਤਰ ਦਾ ਉਦੇਸ਼ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਨਵੇਂ ਹੱਲ ਲੱਭਣ ਲਈ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਐਨਈਪੀ-2020 ਵਿੱਚ ਪਰਿਕਾਲਪਿਤ ਸਿਖਿਆਰਥੀ ਕੇਂਦਰਿਤ ਅਧਿਆਪਨ ਵਿਧੀਆਂ ਨੂੰ ਵਿਕਸਿਤ ਕਰਨਾ ਹੈ। ਭਾਰਤੀ ਸਿੱਖਿਆ ਮੰਡਲ (ਬੀਐੱਸਐੱਮ) ਦੇ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਮੁਕੁਲ ਕਾਨਿਤਕਰ ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਐਮਓਯੂ ਸਮਾਰੋਹ ਦੌਰਾਨ ਪੰਜਾਬ ਕੇਂਦਰੀ ਯੂਨੀਵਰਸਿਟੀ,ਬਠਿੰਡਾ ਦੇ ਰਜਿਸਟਰਾਰ ਸ੍ਰੀ ਕੰਵਲ ਪਾਲ ਸਿੰਘ ਮੁੰਦਰਾ ਅਤੇ ਬੀਐਸਐਮ ਦੇ ਰਾਸ਼ਟਰੀ ਸੰਗਠਨ ਮੰਤਰੀ ਸ੍ਰੀ ਮੁਕੁਲ ਕਾਨਿਤਕਰ ਨੇ ਸੀਯੂਪੀਬੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਅਤੇ ਬੀਐੱਸਐੱਮ ਦੇ ਸਹਿ ਸੰਪਰਕ ਪ੍ਰਮੁੱਖ ਸ਼੍ਰੀ ਪੰਕਜ ਨਾਫ਼ੜੇ  ਦੀ ਮੌਜੂਦਗੀ ਵਿੱਚ ਸਮਝੌਤੇ ‘ਤੇ ਹਸਤਾਖਰ ਕੀਤੇ।

ਆਪਣੇ ਭਾਸਣ ਵਿੱਚ, ਮੁੱਖ ਮਹਿਮਾਨ ਸ਼੍ਰੀ ਮੁਕੁਲ ਕਾਨਿਟਕਰ ਨੇ “ਖੋਜ: ਗਿਆਨ ਪ੍ਰਾਪਤੀ ਦਾ ਸਿੱਖਿਆ ਸ਼ਾਸਤਰ” ਵਿਸ਼ੇ ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੇ ਵਿਚਾਰ “ਸਿੱਖਿਆ ਮਨੁੱਖ ਵਿੱਚ ਪਹਿਲਾਂ ਤੋਂ ਮੌਜੂਦ ਸੰਪੂਰਨਤਾ ਦਾ ਪ੍ਰਗਟਾਵਾ ਹੈ” ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਿੱਖਿਆ ਅੰਦਰਲੇ ਗਿਆਨ ਨੂੰ ਅੰਦਰੋਂ ਬਾਹਰ ਲਿਆਉਣ ਦੀ ਪ੍ਰਕਿਰਿਆ ਹੈ ਅਤੇ ਗਿਆਨ ਪ੍ਰਾਪਤੀ ਸਾਡੇ ਅੰਦਰੂਨੀ ਗਿਆਨ ਨੂੰ ਉਜਾਗਰ ਕਰਨ ਅਤੇ ਖੋਜਣ ਦੀ ਪ੍ਰਕਿਰਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਗਿਆਨ ਪਰੰਪਰਾ ਅਤੇ ਗਿਆਨ ਪ੍ਰਦਾਨ ਕਰਨ ਦੀ ਪਰੰਪਰਾਗਤ ਗੁਰੂਕੁਲ ਪ੍ਰਣਾਲੀ ਵਿੱਚ ਸਿੱਖਿਆ ਖੋਜ-ਮੁਖੀ ਸੀ। ਜਿਸ ਵਿੱਚ ਅਧਿਆਪਕ ਸਿਖਿਆਰਥੀਆਂ ਨੂੰ ਗਿਆਨ ਪ੍ਰਾਪਤ ਕਰਨ ਅਤੇ ਲੋੜੀਂਦੇ ਹੁਨਰਾਂ ਨੂੰ ਵਿਕਸਤ ਕਰਨ ਵਿੱਚ ਮਾਰਗ ਦਰਸ਼ਨ ਪ੍ਰਦਾਨ ਕਰਦੇ ਸਨ।

ਉਨ੍ਹਾਂ ਨੇ ਧਿਆਨ ਦਿਵਾਇਆ ਕਿ ਸਾਲ 1835 ਵਿੱਚ ਮੈਕਾਲੇ ਦੀ ਅੰਗਰੇਜ਼ੀ ਸਿੱਖਿਆ ਪ੍ਰਣਾਲੀ ਦੀ ਸ਼ੁਰੂਆਤ ਤੋਂ ਬਾਅਦ, ਅਧਿਆਪਕ-ਕੇਂਦਰਿਤ ਸਿੱਖਿਆ ਸ਼ਾਸਤਰ ਨੂੰ ਅਪਣਾਏ ਜਾਣ ਕਾਰਨ  ਵਿਦਿਆਰਥੀ ਖੋਜ-ਅਧਾਰਤ ਸਿੱਖਿਆ ਦੇ ਭਾਰਤੀ ਦਰਸ਼ਨ ਤੋਂ ਦੂਰ ਚਲੇ ਗਏ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੌਮੀ ਸਿੱਖਿਆ ਨੀਤੀ-2020 ਵਿਚ ਪੇਸ਼ ਕੀਤੇ ਗਏ ਪਰਿਵਰਤਨਸ਼ੀਲ ਵਿਦਿਅਕ ਸੁਧਾਰਾਂ ਨਾਲ ‘ਸਿਖਿਆਰਥੀ ਕੇਂਦਰਿਤ ਸਿੱਖਿਆ ਮਾਡਲ’ ਨੂੰ ਅਪਣਾਉਣ ਅਤੇ ਸਕੂਲੀ ਤੇ ਉੱਚ ਸਿੱਖਿਆ ਦੇ ਪੱਧਰ ‘ਤੇ ਸਿੱਖਿਆ ਦੇ ਭਾਰਤੀ ਦਰਸ਼ਨ ਨੂੰ ਮੁੜ ਸੁਰਜੀਤ ਕਰਨ ਦਾ ਰਾਹ ਪੱਧਰਾ ਹੋਵੇਗਾ ਜਿਸ ਨਾਲ ਭਾਰਤ ਵਿਸ਼ਵ ਗੁਰੂ ਬਣ ਸਕੇਗਾ।

ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਭਾਗੀਦਾਰਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਸ਼੍ਰੀ ਮੁਕੁਲ ਕਾਨਿਟਕਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਦਿ ਸ਼ੰਕਰਾਚਾਰਿਆ ਦੀ ਅਧਿਆਪਨ ਵਿਧੀ ਦੇ ਨਾਲ-ਨਾਲ ਬਲੂਮ ਟੈਕਸੋਨੋਮੀ ਵਿੱਚ ਸਿੱਖਿਆ ਦੇ ਵਰਗੀਕਰਨ ਬਾਰੇ ਚਰਚਾ ਕਰਦਿਆਂ ਕਿਹਾ ਕਿ ਸਿੱਖਿਆ ਦੇ ਦੋਵੇਂ ਤਰੀਕੇ ਸਿੱਖਿਅਕ-ਕੇਂਦਰਿਤ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਐਨਈਪੀ-2020 ਨੇ ਸਿਖਿਆਰਥੀਆਂ ਵਿੱਚ ਸਵੈ-ਨਿਰਦੇਸ਼ਿਤ ਸਿੱਖਣ ਦੀ ਸਮਰੱਥਾ ਵਿਕਸਿਤ ਕਰਨ ਅਤੇ ਵਿਸ਼ਵ ਬੁੱਧੀਜੀਵੀ ਨਾਗਰਿਕ ਬਣਾਉਣ ਲਈ ਫਲਿਪ ਲਰਨਿੰਗ ਅਤੇ ਹੋਰ ਨਿਵੇਕਲੇ ਅਧਿਆਪਨ ਤਰੀਕਿਆਂ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸਮਝੌਤਾ ਐਨਈਪੀ-2020 ਦੇ ਵਿਜ਼ਨ ਨੂੰ ਸਾਕਾਰ ਕਰਕੇ ਆਪਣੇ ਉਦੇਸ਼ਾਂ ਨੂੰ ਪੂਰਾ ਕਰੇਗਾ ਅਤੇ ਸਮਾਜ ਲਈ ਲਾਹੇਵੰਦ ਸਿੱਧ ਹੋਵੇਗਾ।

ਰਜਿਸਟਰਾਰ ਸ਼੍ਰੀ ਕੰਵਲ ਪਾਲ ਸਿੰਘ ਮੁੰਦਰਾ ਨੇ ਇਸ ਮੌਕੇ ਆਉਣੇ ਵਿਚਾਰ ਸਾਂਝਾ ਕਰਦਿਆਂ ਕਿਹਾ ਕਿ ਇਹ ਸਮਝੌਤਾ ਉੱਚ ਗੁਣਵੱਤਾ ਵਾਲੀ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਸਿੱਖਿਆਰਥੀਆਂ ਵਿੱਚ ਖੋਜ-ਅਧਾਰਿਤ ਸਿੱਖਣ ਦੀ ਸਮਰੱਥਾ ਨੂੰ ਵਿਕਸਤ ਕਰਨ ਲਈ ਨਵੀਨਤਾਕਾਰੀ ਅਧਿਆਪਨ ਤਰੀਕਿਆਂ ਦੇ ਵਿਕਾਸ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ।

ਇਸ ਮੌਕੇ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਅਧਿਕਾਰੀਆਂ ਦੇ ਨਾਲ ਸ਼੍ਰੀ ਮੁਕੁਲ ਕਾਨਿਤਕਰ ਦੁਆਰਾ ਲਿਖੀ “ਸੰਗਠਨ ਗੜੇ ਚਲੋ” ਨਾਮਕ ਕਿਤਾਬ ਦਾ ਪੰਜਾਬੀ ਸੰਸਕਰਣ ਰਿਲੀਜ਼ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਰੂਬਲ ਕਨੌਜੀਆ ਵੱਲੋਂ ਸਵਾਗਤੀ ਭਾਸ਼ਣ ਨਾਲ ਹੋਈ। ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਪ੍ਰੋ. ਤਰੁਣ ਅਰੋੜਾ ਦੁਆਰਾ ਕੀਤਾ ਗਿਆ।  ਅੰਤ ਵਿੱਚ ਰਜਿਸਟਰਾਰ ਸ਼੍ਰੀ ਕੰਵਲਪਾਲ ਸਿੰਘ ਮੁੰਦਰਾ ਨੇ ਸਾਰੀਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

About The Author

Leave a Reply

Your email address will not be published. Required fields are marked *

You may have missed