ਮਿਆਰੀ ਸੁਧਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਰੀਆਂ ਯੂਨੀਵਰਸਿਟੀਆਂ ਨੂੰ ਸਿੱਖਿਆ ਦੇ ਸਾਂਝੇ ਧੁਰੇ ਵਜੋਂ ਵਿਕਸਤ ਕੀਤਾ ਜਾਵੇਗਾ : ਪਰਗਟ ਸਿੰਘ

0

ਚੰਡੀਗੜ੍ਹ, 28 ਅਕਤੂਬਰ 2021 :  ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਸਹੀ ਦਿਸ਼ਾ ਅਤੇ ਉਚ ਸਿੱਖਿਆ ਖੇਤਰ ਵਿੱਚ ਮਿਆਰੀ ਸੁਧਾਰਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਸਿੱਖਿਆ ਦਾ ਇਕ ਸਾਂਝਾ ਧੁਰਾ ਵਿਕਸਤ ਕੀਤਾ ਜਾਵੇਗਾ ਜਿਸ ਵਿੱਚ ਸ਼ਾਮਲ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਆਪਸ ਵਿੱਚ ਸੂਚਨਾ, ਗਿਆਨ, ਨਵੇਂ ਵਿਚਾਰਾਂ ਅਤੇ ਬੁਨਿਆਦੀ ਢਾਂਚੇ ਦਾ ਆਦਾਨ-ਪ੍ਰਦਾਨ ਕਰਨਗੀਆਂ। ਇਸ ਤੋਂ ਇਲਾਵਾ ਇਹ ਸੰਸਥਾਵਾਂ ਉਦਯੋਗਾਂ ਦੀ ਮੰਗ ਅਨੁਸਾਰ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਸਿੱਖਿਆ ਮੁਹੱਈਆ ਕਰਵਾਉਣਗੀਆਂ।

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਇਹ ਗੱਲ ਅੱਜ ਪੰਜਾਬ ਭਵਨ ਵਿਖੇ ਸੂਬੇ ਦੀਆਂ ਸਮੂਹ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨਾਲ ਮੀਟਿੰਗ ਦੌਰਾਨ ਕਹੀ। ਇਹ ਮੀਟਿੰਗ ਉਚੇਰੀ ਸਿੱਖਿਆ ਨਾਲ ਸਬੰਧਤ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਕੋਲੋਂ ਸੁਝਾਅ ਲੈਣ, ਉਨ੍ਹਾਂ ਦੀਆਂ ਸਮੱਸਿਆ ਜਾਣਨ ਅਤੇ ਉਚ ਸਿੱਖਿਆ ਬਾਰੇ ਇਕ ਸਾਂਝੀ ਰਾਏ ਬਣਾਉਣ ਲਈ ਸੱਦੀ ਗਈ ਸੀ।

                           

ਸ. ਪਰਗਟ ਸਿੰਘ ਨੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਨੂੰ ਉਚ ਸਿੱਖਿਆ ਢਾਂਚੇ ਦਾ ਅਹਿਮ ਹਿੱਸਾ ਦੱਸਦਿਆਂ ਉਨ੍ਹਾਂ ਪਾਸੋਂ ਇਹ ਵੀ ਆਸ ਕੀਤੀ ਕਿ ਉਹ ਨਿਰੋਲ ਵਪਾਰਕ ਪੱਖ ਨੂੰ ਤਰਜੀਹ ਨਾ ਦੇਣ ਕਿਉਂਕਿ ਮਿਆਰੀ ਸਿੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਲੋੜਵੰਦ ਵਰਗ ਲਈ ਵੀ ਉਚ ਸਿੱਖਿਆ ਦੇ ਬਰਾਬਰ ਮੌਕੇ ਪ੍ਰਦਾਨ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ।

ਉਚੇਰੀ ਸਿੱਖਿਆ ਮੰਤਰੀ ਨੇ ਸਮੂਹ ਯੂਨੀਵਰਸਿਟੀਆਂ-ਕਾਲਜਾਂ ਨੂੰ ਸਿਲੇਬਸ ਦੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਖਾਸ ਕਰ ਕੇ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਇਕ ਵੱਡੀ ਚੁਣੌਤੀ ਹੈ ਕਿ ਫੌਜ, ਅਰਧ ਸੈਨਿਕ ਬਲਾਂ ਅਤੇ ਪੁਲਿਸ ਦੀ ਭਰਤੀ ਵਿੱਚ ਪੰਜਾਬੀ ਨੌਜਵਾਨ ਇਸ ਕਰਕੇ ਅਯੋਗ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਕੋਲੋਂ ਸਰੀਰਕ ਸਿੱਖਿਆ ਟੈਸਟ ਪਾਸ ਨਹੀਂ ਕੀਤਾ ਜਾ ਸਕਦਾ।

ਇਹ ਪੰਜਾਬੀਆਂ ਲਈ ਬਹੁਤ ਵੱਡੀ ਵੰਗਾਰ ਹੈ, ਇਸ ਲਈ ਸਾਡੀਆਂ ਸਿੱਖਿਆ ਸੰਸਥਾਵਾਂ ਨੂੰ ਖੇਡਾਂ ਪ੍ਰਤੀ ਸਾਜ਼ਗਾਰ ਮਾਹੌਲ ਸਿਰਜਣਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਿੱਖਿਆ ਸੰਸਥਾਵਾਂ ਵਿੱਚ ਮਸ਼ਹੂਰੀ ਵਾਸਤੇ ਗਾਇਕਾਂ-ਕਲਾਕਾਰਾਂ ਨੂੰ ਬੁਲਾ ਕੇ ਲੱਚਰ ਤੇ ਹਿੰਸਕ ਪ੍ਰਵਿਰਤੀ ਵਾਲੇ ਗਾਣਿਆਂ ਨੂੰ ਉਤਸ਼ਾਹਤ ਕਰਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਸੇਧ ਦੇਣ ਵਾਲੇ ਸੱਭਿਆਚਾਰ ਨੂੰ ਹੀ ਹੁਲਾਰਾ ਦੇਣ ਲਈ ਉਪਰਾਲੇ ਕਰਨੇ ਚਾਹੀਦੇ ਹਨ।

                         

ਸ. ਪਰਗਟ ਸਿੰਘ ਨੇ ਕਿਹਾ ਕਿ ਉਦਯੋਗਿਕ ਧੁਰੇ ਵਾਂਗ ਸਿੱਖਿਆ ਦਾ ਵੀ ਇਕ ਧੁਰਾ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਸਾਰੀਆਂ ਉਚ ਸਿਖਿਆ ਸੰਸਥਾਵਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਖੇਤਰ ਦਾ ਸਿੱਧਾ ਸਬੰਧ ਸਾਡੇ ਮਨੁੱਖੀ ਸ਼ਕਤੀ ਨਾਲ ਹੈ ਜੋ ਸਾਡੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਵੱਖੋ-ਵੱਖ ਸੋਚਾਂ ਚਲਾਉਣ ਦੀ ਬਜਾਏ ਇਕੋ ਮੰਚ ਉਤੇ ਸਾਂਝੀ ਸੋਚ ਬਣਾਈ ਜਾਵੇ। ਹਰੇਕ ਦਾ ਆਪਣਾ ਰੋਲ ਹੈ ਅਤੇ ਆਪਣਾ ਖੇਤਰ ਹੈ ਪ੍ਰੰਤੂ ਉਚ ਸਿੱਖਿਆ ਵਿੱਚ ਸਾਂਝੇ ਟੀਚਿਆਂ ਦੀ ਪ੍ਰਾਪਤੀ ਲਈ ਸਾਂਝੇ ਯਤਨ ਜ਼ਰੂਰੀ ਹੈ।

ਸ. ਪਰਗਟ ਸਿੰਘ ਨੇ ਉਚੇਰੀ ਸਿੱਖਿਆ ਨੂੰ ਚਲਾਉਣ ਲਈ ਇਕ ਅਜਿਹੀ ਅਥਾਰਟੀ ਬਣਾਉਣ ਦੀ ਗੱਲ ਕਹੀ ਜਿਸ ਵਿੱਚ ਇਸ ਖੇਤਰ ਨਾਲ ਸਬੰਧਤ ਮਾਹਿਰ ਤੇ ਸਿੱਖਿਆ ਸਾਸ਼ਤਰੀ ਹੀ ਹੋਣਗੇ। ਉਨ੍ਹਾਂ ਕਿਹਾ ਕਿ ਹਰ ਖੇਤਰ ਦੇ ਆਪੋ-ਆਪਣੇ ਰੋਲ ਮਾਡਲ ਹੁੰਦੇ ਹਨ ਜਿਨ੍ਹਾਂ ਦਾ ਉਸ ਖੇਤਰ ਵਿੱਚ ਪ੍ਰਭਾਵ ਕਬੂਲਿਆ ਜਾਂਦਾ ਹੈ ਅਤੇ ਇਹੋ ਰੋਲ ਮਾਡਲ ਇਨ੍ਹਾਂ ਅਥਾਰਟੀਆਂ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਵੱਖੋ-ਵੱਖਰੇ ਇਲਾਕਿਆਂ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹੋਣ ਕਰਕੇ ਮਾਹਿਰਾਂ ਦੀਆਂ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਨੇ ਵਿਭਾਗ ਨੂੰ ਆਦੇਸ਼ ਦਿੱਤੇ ਕਿ ਇਨ੍ਹਾਂ ਕਮੇਟੀਆਂ ਦੀ ਜਲਦੀ ਸਥਾਪਨਾ ਕਰ ਲਈ ਜਾਵੇ ਅਤੇ ਹਰੇਕ ਮਹੀਨੇ ਇਹ ਕਮੇਟੀ ਅਤੇ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਜ਼ ਦੀ ਮੀਟਿੰਗ ਕਰਨੀ ਯਕੀਨੀ ਬਣਾਈ ਜਾਵੇ।

ਮੀਟਿੰਗ ਦੌਰਾਨ ਵੱਖ-ਵੱਖ ਯੂਨਵਰਸਿਟੀਆਂ ਦੇ ਉਪ ਕੁਲਪਤੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਲੇਬਸ ਨੂੰ ਸਮੇਂ ਦਾ ਹਾਣੀ ਬਣਾਉਣ, ਸਿਲੇਬਸ ਵਿੱਚ ਇਕਸਾਰਤਾ, ਵਿਦਿਆਰਥੀਆਂ ਨੂੰ ਉਦਮੀ ਬਣਾਉਣ ਵਾਸਤੇ ਮੰਚ ਮੁਹੱਈਆ ਕਰਵਾਉਣ, ਸਿੱਖਿਆ ਨੀਤੀ ਬਣਾਉਣ ਮੌਕੇ ਪ੍ਰਾਈਵੇਟ ਸੰਸਥਾਵਾਂ ਨੂੰ ਹਿੱਸੇਦਾਰ ਬਣਾਉਣ ਤੋਂ ਇਲਾਵਾ ਵੱਖ-ਵੱਖ ਭੂਗੋਲਿਕ ਖਿੱਤਿਆਂ ਵਿੱਚ ਸਥਿਤ ਸੰਸਥਾਵਾਂ ਵਿਚਾਲੇ ਗਿਆਨ ਦੀ ਸਾਂਝੇਦਾਰੀ ਸਥਾਪਤ ਕਰਨ ਦੀ ਮੰਗ ਕੀਤੀ ਗਈ।

ਮੀਟਿੰਗ ਵਿੱਚ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. (ਕਾਲਜਾਂ) ਪਰਮਜੀਤ ਸਿੰਘ, ਸਹਾਇਕ ਡਾਇਰੈਕਟਰ (ਕਾਲਜ ਸਿੱਖਿਆ) ਡਾ. ਗੁਰਦਰਸ਼ਨ ਬਰਾੜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ ਕੁਲਪਤੀ ਡਾ.ਜਸਪਾਲ ਸਿੰਘ ਸੰਧੂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਪ੍ਰੋ.ਅਰਵਿੰਦ ਸਮੇਤ ਸਮੂਹ ਯੂਨਵਰਸਿਟੀਆਂ ਦੇ ਉਪ ਕੁਲਪਤੀ ਤੇ ਨੁਮਾਇੰਦੇ ਸ਼ਾਮਲ ਹੋਏ।

About The Author

Leave a Reply

Your email address will not be published. Required fields are marked *