ਆਰ.ਟੀ.ਏ ਵੱਲੋਂ ਸਕੂਲੀ ਵਾਹਨਾਂ ਦੇ ਮਾਲਕਾਂ ਅਤੇ ਡਰਾਈਵਰਾਂ ਨੂੰ ਦਸਤਾਵੇਜ਼ਾਂ ਮੁਕੰਮਲ ਰੱਖਣ ਦੇ ਆਦੇਸ਼
ਸੰਗਰੂਰ, 28 ਅਕਤੂਬਰ 2021 : ਸੇਫ਼ ਸਕੂਲ ਵਾਹਨ ਨੀਤੀ ਤਹਿਤ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਸ੍ਰੀ ਕਰਨਬੀਰ ਸਿੰਘ ਛੀਨਾ ਨੇ ਪਟਿਆਲਾ ਰੋਡ ਸੰਗਰੂਰ ਵਿਖੇ ਸਕੂਲੀ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਤੇ ਚਾਰ ਸਕੂਲੀ ਵਾਹਨਾਂ ਦੇ ਚਲਾਨ ਕੀਤੇ। ਸ੍ਰੀ ਛੀਨਾ ਨੇ ਸਕੂਲੀ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਸਕੂਲ ਮਾਲਕਾਂ ਅਤੇ ਵਾਹਨ ਚਾਲਕਾਂ ਨੰੂ ਲੋੜੀਂਦੇ ਕਾਗਜ਼ਾਤ ਹਮੇਸ਼ਾ ਪੂਰਾ ਰੱਖਣ ਦੇ ਆਦੇਸ਼ ਵੀ ਦਿੱਤੇ।
ਸ੍ਰੀ ਛੀਨਾ ਨੇ ਸਕੂਲੀ ਬੱਸਾਂ ਦੇ ਡਰਾਈਵਰਾਂ ਨੰੂ ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਸਕੂਲੀ ਵਾਹਨਾਂ ਅੰਦਰ ਅੱਗ ਬੁਝਾਊ ਯੰਤਰ, ਮੁੱਢਲੀ ਸਹਾਇਤਾ ਲਈ ਦਵਾਈਆ (ਫਸਟ ਏਡ ਕਿੱਟ), ਸੀ.ਸੀ.ਟੀ.ਵੀ. ਕੈਮਰੇ ਅਤੇ ਬੱਚਿਆਂ ਨੰੂ ਉਤਾਰਨ ਅਤੇ ਚੜਾਉਣ ਲਈ ਕੰਡਕਟਰ, ਸਪੀਡ ਗਵਨਰ, ਡਰਾਈਵਰ ਦੀ ਵਰਦੀ ਨੇਮ ਪਲੇਟ, ਬੱਸਾਂ ਦਾ ਰੰਗ ਪੀਲਾ, ਸਕੂਲ ਬੱਸ ਦੇ ਮਾਲਕ ਦਾ ਨੰਬਰ ਬੱਸ ’ਤੇ ਲਿਖਿਆ ਹੋਵੇ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲੀ ਵਾਹਨਾਂ ਦੇ ਭਵਿੱਖ ਵਿਚ ਵੀ ਅਚਨਚੇਤ ਚੈਕਿੰਗ ਕਰਕੇ ਚਲਾਨ ਕੀਤੇ ਜਾਣਗੇ।