ਵਿਜੈ ਇੰਦਰ ਸਿੰਗਲਾ ਨੇ ਟਿਕਰੀ ਬਾਰਡਰ ’ਤੇ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ
ਚੰਡੀਗੜ, 28 ਅਕਤੂਬਰ 2021 : ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਸਾਸ਼ਨਿਕ ਸੁਧਾਰ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਮਹਿਲਾ ਕਿਸਾਨ ਪ੍ਰਦਰਸ਼ਨਕਾਰੀਆਂ ਦੇ ਹਾਦਸੇ ਵਿਚ ਮਾਰੇ ਜਾਣ ਦੀ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਹਾਦਸੇ ਵਿਚ ਤਿੰਨ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜਖਮੀ ਹੋ ਗਏ ਸਨ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ, “ਤੇਜ਼ ਰਫਤਾਰ ਟਰੱਕ ਦੀ ਲਪੇਟ ਵਿੱਚ ਆ ਕੇ ਤਿੰਨ ਔਰਤਾਂ ਦੀ ਮੌਤ ਅਤੇ ਦੋ ਦੇ ਜਖਮੀ ਹੋ ਜਾਣ ਦੀ ਟਿਕਰੀ ਬਾਰਡਰ ਤੋਂ ਆਈ ਖ਼ਬਰ ਦਿਲ ਨੂੰ ਦਹਿਲਾ ਦੇਣ ਵਾਲੀ ਹੈ। ਮੈਂ ਹਰ ਤਰਾਂ ਨਾਲ ਕਿਸਾਨਾਂ ਦੇ ਨਾਲ ਹਾਂ ਜੋ ਪਿਛਲੇ ਸਾਲ ਤੋਂ ਕਈ ਤੂਫਾਨਾਂ ਦਾ ਸਾਹਮਣਾ ਕਰ ਰਹੇ ਹਨ ਤੇ ਇੱਕ ਵਾਰ ਫਿਰ ਇੱਕ ਹੋਰ ਦੁਖਾਂਤ ਦਾ ਸਾਹਮਣਾ ਕੀਤਾ ਗਿਆ ਹੈ।’’
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਭਾਜਪਾ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਾਗੂ ਕੀਤੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਵੱਲ ਮੋਦੀ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕਿਸਾਨਾਂ ਨਾਲ ਵੱਡੇ ਪੱਧਰ ‘ਤੇ ਧੱਕਾ ਕੀਤਾ ਗਿਆ ਹੈ ਪਰ ਉਨਾਂ ਨੇ ਸਬਰ ਨਾਲ ਵਿਰੋਧ ਕੀਤਾ ਹੈ। ਸਿੰਗਲਾ ਨੇ ਕਿਹਾ ਕਿ ਉਹ ਕਿਸਾਨਾਂ ਦੇ ਅਦਭੁੱਤ ਜਜਬੇ ਨੂੰ ਸਲਾਮ ਕਰਦੇ ਹਨ ਅਤੇ ਉਨਾਂ ਦੇ ਉਦੇਸ ਦੀ ਹਮਾਇਤ ਕਰਨ ਲਈ ਪੂਰੇ ਦਿਲ ਨਾਲ ਉਨਾਂ ਦੇ ਨਾਲ ਖੜੇ ਹਨ, ਭਾਵੇਂ ਕੁਝ ਵੀ ਹੋਵੇ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਅੰਦੋਲਨ ਦੀ ਸੁਰੂਆਤ ਤੋਂ ਹੀ ਹਰ ਹਾਲਤ ਵਿੱਚ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਇਨਸਾਫ ਦਿਵਾਉਣ ਤੋਂ ਇਲਾਵਾ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨਾਂ ਦੀ ਸਰਕਾਰ ਨੇ ਕਿਸਾਨ ਧਰਨੇ ਦੌਰਾਨ ਸਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਯਕੀਨੀ ਬਣਾਈ ਹੈ। ਉਨਾਂ ਅੱਗੇ ਕਿਹਾ ਕਿ ਵਿੱਤੀ ਸਹਾਇਤਾ ਤੋਂ ਇਲਾਵਾ ਉਨਾਂ ਦੀ ਸਰਕਾਰ ਹਰੇਕ ਪੀੜਤ ਪਰਿਵਾਰ ਦੇ ਰਿਸਤੇਦਾਰਾਂ ਨੂੰ ਸਰਕਾਰੀ ਨੌਕਰੀ ਵੀ ਪ੍ਰਦਾਨ ਕਰ ਰਹੀ ਹੈ ਅਤੇ ਕਿਸਾਨਾਂ ਦੀ ਹਰ ਸੰਭਵ ਮਦਦ ਕਰਦੀ ਰਹੇਗੀ।