ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਕੰਮ ਬਦਲੇ ਰਿਸ਼ਵਤ ਦੀ ਮੰਗ ਕਰੇ ਤਾਂ ਵਿਜੀਲੈਂਸ ਬਿਊਰੋ ਨੂੰ ਕਰੋ ਸ਼ਿਕਾਇਤ : ਡੀ.ਐਸ.ਪੀ. ਨਿਰੰਜਨ ਸਿੰਘ

0

ਹੁਸ਼ਿਆਰਪੁਰ, 27 ਅਕਤੂਬਰ 2021 : ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਆਜ਼ਾਦ ਭਾਰਤ 75 ਸਾਲ ਇਮਾਨਦਾਰੀ ਨਾਲ ਆਤਮ ਨਿਰਭਰ ਵਿਸ਼ੇ ਤਹਿਤ ਵਿਜੀਲੈਂਸ ਜਾਗਰੂਕਤਾ ਹਫ਼ਤੇ ਸਬੰਧੀ ਅੱਜ ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਚ ਸੈਮੀਨਾਰ ਡੀ.ਐਸ.ਪੀ. ਵਿਜੀਲੈਂਸ ਨਿਰੰਜਨ ਸਿੰਘ ਦੀ ਪ੍ਰਧਾਨਗੀ ਵਿਚ ਸੈਮੀਨਾਰ ਕਰਵਾਇਆ ਗਿਆ।

ਇਸ ਮੌਕੇ ਤਹਿਸੀਲਦਾਰ ਮੁਕੇਰੀਆਂ ਜਗਤਾਰ ਸਿੰਘ, ਨਾਇਬ ਤਹਿਸੀਲਦਾਰ ਸੁਭਾਸ਼ ਚੰਦਰ, ਨਾਇਬ ਤਹਿਸੀਲਦਾਰ ਤਲਵਾੜਾ ਲਖਵਿੰਦਰ ਸਿੰਘ, ਐਕਸੀਅਨ ਪੀ.ਡਬਲਯੂ.ਡੀ. ਮੁਕੇਰੀਆਂ ਕੰਵਲ ਨੈਨ, ਪ੍ਰਿੰਸੀਪਲ ਐਸ.ਪੀ.ਐਨ. ਕਾਲਜ ਡਾ. ਸਮੀਰ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ, ਆਮ ਜਨਤਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਇਸ ਮੌਕੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਨ ਵਿਚ ਵਿਜੀਲੈਂਸ ਬਿਊਰੋ ਦਾ ਸਹਿਯੋਗ ਦੇਣ ਦੀ ਆਮ ਜਨਤਾ ਨੂੰ ਅਪੀਲ ਕੀਤੀ ਗਈ।

                     

ਡੀ.ਐਸ.ਪੀ. ਨਿਰੰਜਨ ਸਿੰਘ ਨੇ ਸੈਮੀਨਾਰ ਦੌਰਾਨ ਵਿਜੀਲੈਂਸ ਬਿਊਰੋ ਦੀ ਕਾਰਜਸ਼ਾਲੀ ਬਾਰੇ ਜਾਣਕਾਰੀ ਦਿੰਦੇ ਹੋਏ ਮੌਜੂਦ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ, ਆਮ ਲੋਕਾਂ, ਸਮਾਜਿਕ ਪ੍ਰਤੀਨਿਧੀਆਂ ਆਦਿ  ਨੂੰ ਭ੍ਰਿਸ਼ਟਾਚਾਰ ਖਿਲਾਫ਼ ਸਹੁੰ ਚੁਕਾਈ ਅਤੇ ਕਿਹਾ ਕਿ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਭ੍ਰਿਸ਼ਟ ਕਾਰਵਾਈ ਦਾ ਹਿੱਸਾ ਨਹੀਂ ਬਣਨਗੇ ਅਤੇ ਇਸ ਤਰ੍ਹਾਂ ਦੀ ਕਾਰਵਾਈ ਸਾਹਮਣੇ ਆਉਣ ’ਤੇ ਸਮਰੱਥ ਅਥਾਰਟੀ ਨੂੰ ਰਿਪੋਰਟ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕੋਈ ਸਰਕਾਰੀ ਕੰਮ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਸਬੰਧੀ ਉਹ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਕਰ ਸਕਦੇ ਹਨ ਜਾਂ ਉਸ ਅਧਿਕਾਰੀ ਜਾਂ ਕਰਮਚਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਵਿਜੀਲੈਂਸ ਵਿਭਾਗ ਨੂੰ ਗ੍ਰਿਫਤਾਰ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਆਪਣੇ ਅਧਿਕਾਰ ਦਾ ਪ੍ਰਯੋਗ ਕਰਦੇ ਹੋਏ ਕਿਸੇ ਵਿਸ਼ੇਸ਼ ਵਿਅਕਤੀ ਜਾਂ ਸੰਸਥਾ ਨੂੰ ਨਿੱਜੀ ਜਾਂ ਵਿੱਤੀ ਲਾਭ ਪਹੁੰਚਾਉਂਦਾ ਹੈ ਤਾਂ ਉਹ ਵੀ ਅਪਰਾਧ ਹੈ।

                           

ਨਿਰੰਜਨ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਚਲਾਕੀ ਨਾਲ ਭ੍ਰਿਸ਼ਟਾਚਾਰ ਕਰਦੇ ਹੋਏ ਆਪਣੇ, ਆਪਣੇ ਪਰਿਵਾਰਕ ਮੈਂਬਰ ਅਤੇ ਆਪਣੇ ਰਿਸ਼ਤੇਦਾਰ ਨਾਮ ਕੋਈ ਬੇਨਾਮੀ ਜਾਇਦਾਦ ਖਰੀਦ ਕਰਦਾ ਹੈ ਤਾਂ ਕੋਈ  ਵੀ ਵਿਅਕਤੀ ਇਸ ਸਬੰਧੀ ਸੂਚਨਾ ਵਿਜੀਲੈਂਸ ਵਿਭਾਗ ਨੂੰ ਦੇ ਸਕਦਾ ਹੈ ਅਤੇ ਜੇਕਰ ਸੂਚਨਾ ਦੇਣ ਵਾਲਾ ਚਾਹੇ ਤਾਂ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਇਸ ਸਬੰਧੀ ਸੂਚਨਾ ਵਿਭਾਗ ਦੇ ਟੋਲ ਫਰੀ ਨੰਬਰ 1800-1800-100 ਤੇ ਵੈਬਸਾਈਟ www.vigilancebureau.punjab.gov.in ’ਤੇ ਦੇ ਸਕਦਾ ਹੈ। ਅੰਤ ਵਿਚ ਉਨ੍ਹਾਂ ਇਸ ਪ੍ਰੋਗਰਾਮ ਵਿਚ ਸ਼ਾਮਲ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਭ੍ਰਿਸ਼ਟਾਚਾਰ ਖਿਲਾਫ਼ ਲੜਨ ਵਿਚ ਵਿਜੀਲੈਂਸ ਬਿਊਰੋ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।

About The Author

Leave a Reply

Your email address will not be published. Required fields are marked *

error: Content is protected !!