ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਵਿਚ ਮਤਾ ਪੇਸ਼ ਕਰ ਕੇ ਸੂਬੇ ਨੂੰ ਖੇਤੀ ਕਾਨੂੰਨਾਂ ਅਤੇ ਬੀ ਐਸ ਐਫ ’ਤੇ ਕੇਂਦਰ ਦੇ ਕਦਮਾਂ ਨੂੰ ਰੋਕਣ ਲਈ ਕੈਬਨਿਟ ਵੱਲੋਂ ਫੈਸਲਾ ਲੈਣ ਦੀ ਹਦਾਇਤ ਕਰਨ ਲਈ ਆਖੇਗਾ
ਰਾਜਪੁਰਾ, (ਪਟਿਆਲਾ) ਚੰਡੀਗੜ੍ਹ, 27 ਅਕਤੂਬਰ 2021 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਵਿਧਾਨ ਸਭਾ ਵਿਚ ਮਤਾ ਪੇਸ਼ ਕਰ ਕੇ ਯਕੀਨੀ ਬਣਾਏਗੀ ਕਿ ਸਦਨ ਪੰਜਾਬ ਵਜ਼ਾਰਤ ਨੁੰ ਹਦਾਇਤ ਕਰੇ ਕਿ ਉਹ ਸਿਵਲ ਤੇ ਪੁਲਿਸ ਮਸ਼ੀਨਰੀ ਸਮੇਤ ਸੂਬੇ ਦੀ ਮਸ਼ੀਨਰੀ ਦੀ ਵਰਤੋਂ ਕਰ ਕੇ ਕੇਂਦਰ ਸਰਕਾਰ ਨੂੰ ਖੇਤੀਬਾੜੀ ’ਤੇ ਕਾਲੇ ਕਾਨੁੰਨਾਂ ਰਾਹੀਂ ਅਤੇ ਬੀ ਐਸ ਐਫ ਰਾਹੀਂ ਪੰਜਾਬ ਪੁਲਿਸ ਦੀ ਸੰਵਿਧਾਨਕ ਅਥਾਰਟੀ ’ਤੇ ਡਾਕਾ ਮਾਰਨ ਤੋਂ ਰੋਕੇ।
ਇਥੇ ਰਾਜਪੁਰਾ, ਜਿਥੋਂ ਸਰਦਾਰ ਚਰਨਜੀਤ ਸਿੰਘ ਬਰਾੜ ਪਾਰਟੀ ਦੇ ਉਮੀਦਵਾਰ ਹਨ, ਵਿਖੇ ਲੋਕਾਂ ਨਾਲ ਸੰਪਰਕ ਦੀ ਰੁਝੇਵਿਆਂ ਭਰੀ ਮੁਹਿੰਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਦਨ ਸਿਰਫ ਗੈਰ ਪ੍ਰਭਾਵਸ਼ਾਲੀ ਮਤਾ ਨਹੀਂ ਬਲਕਿ ਇਕ ਨਿਰਦੇਸ਼ ਜਾਰੀ ਕਰੇ। ਅਸੀਂ ਸਦਨ ਤੋਂ ਇਹ ਸਪਸ਼ਟ ਨਿਰਦੇਸ਼ ਚਾਹਾਂਗੇ ਕਿ ਇਸ ਫੈਸਲੇ ਨੂੰ ਲਾਗੂ ਕਰਨ ਦੀ ਜ਼ਿੰਮੇਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੋਵੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਬੀ ਐਸ ਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਫੈਸਲੇ ਦੀ ਹਮਾਇਤ ਕੀਤੀ ਹੈ, ਉਸ ਤੋਂ ਸਾਬਤ ਹੋ ਗਿਆ ਹੈ ਕਿ ਪੰਜਾਬ ਕਾਂਗਰਸ ਕੇਂਦਰ ਨਾਲ ਰਲੀ ਸੀ ਤਾਂ ਜੋ ਇਹ ਕਦਮ ਸੰਭਵ ਹੋ ਪਾਉਂਦਾ । ਉਹਨਾਂ ਕਿਹਾ ਕਿ ਅਜਿਹੇ ਫੈਸਲੇ ਸਿਰਫ ਚੰਦ ਦਿਨਾਂ ਵਿਚ ਨਹੀਂ ਲਏ ਜਾ ਸਕਦੇ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਇਹ ਮਾਮਲਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵਿਚਾਰਿਆ ਗਿਆ ਹੋਵੇ। ਉਹਨਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸ ਵੇਲੇ ਵਜ਼ਾਰਤ ਦਾ ਹਿੱਸਾ ਸਨ ਤੇ ਇਸ ਕਦਮ ਤੋਂ ਵਾਕਫ ਸਨ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਮਗਰ ਮੱਛ ਦੇ ਹੰਝੂ ਨਹੀਂ ਕੇਰਨੇ ਚਾਹੀਦੇ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਪੰਜਾਬੀਆਂ ਨਾਲ ਇਹ ਵੇਰਵੇ ਵੀ ਸਾਂਝੇ ਕਰਨ ਕਿ ਕਿਵੇਂ ਲੋਕਾਂ ਦੇ ਮਿਹਨਤ ਨਾਲ ਕਰਾਏ ਕਰੋੜਾਂ ਰੁਪਏ ਰੋਜ਼ਾਨਾ ਉਹਨਾਂ ਦਾ ‘ਆਮ ਤੇ ਗਰੀਬ ਆਦਮੀ’ ਵਜੋਂ ਅਕਸ ਉਭਾਰਨ ’ਤੇ ਬਰਬਾਦ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਕਦੇ ਵੀ ਇਕ ਵਿਅਕਤੀ ਦੇ ਆਮ ਤੇ ਗਰੀਬ ਆਦਮੀ ਵਜੋਂ ਅਕਸ ਨੁੰ ਇੰਨਾ ਮਹਿੰਗਾ ਨਹੀਂ ਵੇਖਿਆ। ਉਹਨਾਂ ਕਿਹਾ ਕਿ ਗਰੀਬਾਂ ਅਤੇ ਬੇਰੋਜ਼ਗਾਰਾਂ ਦਾ ਪੈਸਾ ਇਕ ਅਮੀਰ ਆਦਮੀ ਨੂੰ ਗਰੀਬ ਦਰਸਾਉਣ ਲਈ ਬਰਬਾਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਇਸ ਨੂੰ ਮਨੁੱਖਤਾ ਦੇ ਇਤਿਹਾਸ ਵਿਚ ਦੋਗਲੇਪਨ ਦਾ ਇਕ ਹੋਰ ਉਦਾਹਰਣ ਆਖ ਸਕਦੇ ਹਨ।
ਚੰਨੀ ਦੇ ਪੰਜਾਬ ਵਿਚ ਨਿਵੇਸ਼ ਬਾਰੇ ਵੱਡੇ ਵੱਡੇ ਦਾਅਵਿਆਂ ਨੁੰ ਖਾਰਜ ਕਰਦਿਆਂ ਸਰਦਾਰ ਬਾਦਲ ਨੇ ਚੁਣੌਤੀ ਦਿੱਤੀ ਕਿ ਮੁੱਖ ਮੰਤਰੀ ਸਰਕਾਰੀ ਵੈਬਸਾਈਟ ’ਤੇ ਵੇਰਵਾ ਦੇਣ ਕਿ ਕੀ ਇਕ ਕਰੋੜ ਰੁਪਏ ਦਾ ਵੀ ਨਿਵੇਸ਼ ਉਹਨਾਂ ਦੇ ਇਸ ਨਿਵੇਸ਼ ਸੰਮੇਲਨ ਦੇ ਸਦਕਾ ਅਸਲ ਵਿਚ ਹੋਇਆ ਹੋਵੇ। ਉਹਨਾਂ ਕਿਹਾ ਕਿ ਚੰਨੀ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜੋ ਵੀ ਨਿਵੇਸ਼ ਹੋਏ ਹਨ, ਉਹਨਾਂ ਨੂੰ ਜੇਕਰ ਜੋੜਿਆ ਜਾਵੇ ਤਾਂ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਹੋਏ ਕਿਸੇ ਇਕ ਵੀ ਪ੍ਰਾਜੈਕਟ ਦੇ ਬਰਾਬਰ ਵੀ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਤੁਸੀਂ 22000 ਕਰੋੜ ਰੁਪਏ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਜਾਂ ਕੌਮਾਰੀ ਹਵਾਈ ਅੱਡੇ ਜਾਂ ਚਾਰ ਜਾਂ ਛੇ ਲਾਈਨਾਂ ਦੇ ਐਕਸਪ੍ਰੈਸਵੇਅ ਜਾਂ ਏਮਜ਼ ਬਠਿੰਡਾ ਵਰਗੇ ਛੋਟੇ ਪ੍ਰਾਜੈਕਟਾਂ ਦੀ ਵੀ ਗੱਲ ਹੋਵੇ ਤਾਂ ਕਾਂਗਰਸ ਅਮਰਿੰਦਰ ਸਿੰਘ ਅਤੇ ਚੰਨੀ ਦੇ ਰਾਜਕਾਲ ਵੇਲੇ ਦਾ ਅਜਿਹਾ ਇਕ ਵੀ ਪ੍ਰਾਜੈਕਟ ਨਹੀਂ ਦੱਸ ਸਕਦੀ ਜੋ ਇਹਨਾਂ ਪ੍ਰਾਜੈਕਟਾਂ ਦੇ ਬਰਾਬਰ ਦਾ ਹੋਵੇ।
ਅਕਾਲੀ ਦਲ ਪ੍ਰਧਾਨ ਨੇ ਛੋਟੇ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਲਾਲ ਫੀਤਾਸ਼ਾਹੀ ਖਤਮ ਕਰੇਗੀ ਅਤੇ ਸੂਬੇ ਵਿਚ ਇੰਡਸਟਰੀ ਲਾਉਣ ਦੀ ਪ੍ਰਕਿਰਿਆ ਸੁਖਾਲੀ ਬਣਾਏਗੀ। ਉੲਨਾਂ ਕਿਹਾ ਕਿ ਵਿਭਾਗ ਇਨਵੈਸਟ ਪੰਜਾਬ ਜੋ ਸਾਡੀ ਸਰਕਾਰ ਵੇਲੇ ਬਣਾਇਆ ਗਿਆ ਸੀ, ਹੁਣ ਡਿਸਇਨਵੈਸਟ ਪੰਜਾਬ ਬਣ ਗਿਆ ਹੈ ਤੇ ਮੈਂ ਉਦਯੋਗਪਤੀਆਂ ਨੁੰ ਭਰੋਸਾ ਦੁਆਉਂਦਾ ਹੈ ਕਿ ਇਹ ਮੁੜ ਲੀਹ ’ਤੇ ਪਾਇਆ ਜਾਵੇਗਾ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਨਲਾਸ ਪਿੰਡ ਵਿਚ ਭੋਲੇ ਸ਼ੰਕਰ ਦੇ ਮੰਦਿਰ ਵਿਖੇ ਮੱਥਾ ਟੇਕਿਆ। ਉਹਨਾਂ ਨੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਸਰਕਾਰ ਬਣਨ ’ਤੇ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਵੀ ਭਰੋਸਾ ਦੁਆਇਆ। ਉਹਨਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਵਕੀਲਾਂ ਦੀ ਭਲਾਈ ਵਾਸਤੇ ਕੰਮ ਕਰਨ ਦਾ ਵੀ ਭਰੋਸਾ ਦੁਆਇਆ। ਉਹਨਾਂ ਨੇ ਡਾ. ਬੀ ਆਰ ਅੰਬੇਡਕਰ ਨੁੰ ਆਈ ਟੀ ਆਈ ਚੌਂਕ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਉਹਨਾਂ ਦੇ ਬੁੱਤ ਨੁੰ ਵਾਰ ਵਾਰ ਤੋੜਨ ’ਤੇ ਚਿੰਤਾ ਵੀ ਪ੍ਰਗਟ ਕੀਤੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ’ਤੇ ਅਜਿਹੇ ਤੱਤਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਰਾਜਪੁਰਾ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਜਿਸ ਦੌਰਾਨ ਲੋਕਾਂ ਨੇ ਨਹਿਰੀ ਪਾਣੀ ਦੀ ਘਾਟ ਅਤੇ ਹਲਕੇ ਵਿਚ ਕਾਨੂੰਨਹੀਣਤਾ ਦਾ ਮਾਮਲਾ ਚੁੱਕਿਆ। ਉਹਨਾਂ ਨੇ ਸਥਾਨਕ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਹੁਲਾਰਾ ਦੇਣ ਦਾ ਵੀ ਦੋਸ਼ ਲਗਾਇਆ। ਇਸ ’ਤੇ ਅਕਾਲੀ ਦਲ ਦੇ ਪ੍ਰਧਾਨ ਨੇ ਵਿਧਾਇਕ ਦੀਆਂ ਗਲਤ ਕਾਰਵਾਈਆਂ ਦੀ ਪੜਤਾਲ ਦਾ ਭਰੋਸਾ ਦੁਆਇਆ। ਉਹਨਾਂ ਨੇ ਗੈਰ ਕਾਨੂੰਨੀ ਡਿਸਟੀਲਰੀ ਚਲਾਉਣ ਲਈ ਵੀ ਵਿਧਾਇਕ ਖਿਲਾਫ ਕਾਨੂੰਨੀ ਕਾਰਵਾਈ ਦਾ ਭਰੋਸਾ ਦੁਆਇਆ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦਾ ਐਸ ਓ ਆਈ ਦੇ ਸੈਂਕੜੇ ਕਾਰਕੁੰਨਾਂ ਨੇ ਮੋਟਰ ਸਾਈਕਲਾਂ ’ਤੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਐਨ ਕੇ ਸ਼ਰਮਾ ਵੀ ਹੋਰ ਆਗੂਆਂ ਦੇ ਨਾਲ ਮੌਜੂਦ ਸਨ।