ਬੱਸ ਅੱਡਿਆਂ ਦੇ ਨੇੜੇ ਅਤੇ ਪੁਲਾਂ ਦੇ ਹੇਠਾਂ ਬੱਸਾਂ ਦੀ ਗੈਰ ਕਾਨੂੰਨੀ ਪਾਰਕਿੰਗ ਨੂੰ ਰੋਕਿਆ ਜਾਵੇ : ਵਧੀਕ ਡਿਪਟੀ ਕਮਿਸ਼ਨਰ

0

ਜਲੰਧਰ 26 ਅਕਤੂਬਰ 2021 :  ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰ.ਅਮਰਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਜ਼ਿਲ੍ਹਾ ਪੱਧਰੀ ਰੋਡ ਸੇਫ਼ਟੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਅਧਿਕਾਰੀਆਂ ਨੂੰ ਕਿਹਾ ਕਿ ਟ੍ਰੈਫਿਕ ਲਾਈਟਾਂ ਦੀ ਤੁਰੰਤ ਮੁਰੰਮਤ ਕਰਵਾਉਣ ਤੋਂ ਇਲਾਵਾ ਟਰੈਫਿਕ ਸਾਈਨ ਬੋਰਡਾਂ ਨੂੰ ਜਲਦ ਤੋਂ ਜਲਦ ਦਰੁਸਤ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਨਗਰ ਨਿਗਮ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ’ਤੇ ਬਲੈਕ ਸਪਾਟ ਥਾਵਾਂ ਦੀ ਜਲਦ ਤੋਂ ਜਲਦ ਪਹਿਚਾਣ ਕਰਵਾਈ ਜਾਵੇ ਤਾਂ ਜੋਂ ਸੜਕੀ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਅਵਾਜਾਈ ਨੂੰ ਸਚਾਰੂ ਢੰਗ ਨਾਲ ਜਾਰੀ ਰੱਖਣ ਲਈ ਬੱਸ ਅੱਡਿਆਂ ਦੇ ਨੇੜੇ ਅਤੇ ਪੁਲਾਂ ਦੇ ਹੇਠਾਂ ਬੱਸਾਂ ਦੀ ਗੈਰ-ਕਾਨੂੰਨੀ ਪਾਰਕਿੰਗ ਨੂੰ ਰੋਕਿਆ ਜਾਵੇ। ਉਨ੍ਹਾਂ ਟਰੈਫਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਅਵਾਜਾਈ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਸੜਕੀ ਅਵਾਜਾਈ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਾਬੰਦ ਹੈ ਅਤੇ ਇਸ ਵਿੱਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੀਟਿੰਗ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸੇਫ ਸਕੂਲ ਵਾਹਨ ਸਕੀਮ ਲਾਗੂ ਕਰਨ, ਸੜਕ ਦੁਰਘਟਨਾ ਦੇ ਕਾਰਨ ਸਬੰਧੀ, ਟਰੈਫਿਕ ਸਾਈਨ ਬੋਰਡਾਂ, ਸਕੂਲਾਂ ਤੇ ਕਾਲਜਾਂ ਵਿੱਚ ਜਾਗਰੂਕਤਾ ਕੈਂਪ ਲਗਾਉਣ ਤੇ ਟਰੈਫਿਕ ਲਾਈਟਾਂ, ਸ਼ਹਿਰ ਵਿੱਚ ਕੁਝ ਥਾਵਾਂ ’ਤੇ ਜੈਬਰਾ ਕਰਾਸਿੰਗ ਨਾ ਹੋਣ ਅਤੇ ਰੋਡ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਬਲੈਕ ਸਪਾਟ ਦੀ ਪਹਿਚਾਣ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਜਲੰਧਰ ਮੇਜਰ (ਡਾ.) ਅਮਿਤ ਮਹਾਜਨ ਨੇ ਦੱਸਿਆ ਕਿ ਵਿਭਾਗ ਵਲੋਂ ਟਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ 19, ਸੀਟ ਬੈਲਟ ਨਾ ਲਗਾਉਣ ਦੇ 1736, ਹੈਲਮੇਟ ਨਾ ਪਹਿਣਨ ਦੇ 2916, ਅੰਡਰ ਏਜ਼ ਡਰਾਇਵਿੰਗ ਦੇ 12 ਅਤੇ ਗੱਡੀ ਓਵਰ ਲੋਡਿੰਗ ਅਤੇ ਓਵਰ ਹਾਈਟ ਦੇ 77 ਚਲਾਨ ਕੀਤੇ ਗਏ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿੰਦਰ ਪਾਲ ਸਿੰਘ, ਮਨਜਿੰਦਰ ਸਿੰਘ, ਤਰਨਪ੍ਰੀਤ ਸਿੰਘ, ਹਰਬੀਰ ਸਿੰਘ ਢਿਲੋਂ, ਐਸ.ਕੇ.ਕਪੂਰ, ਸੁਰਿੰਦਰ ਸੈਣੀ, ਜਤਿੰਦਰ ਕੁਮਾਰ, ਨਰੇਸ਼ ਕੁਮਰ, ਅੰਕਿਤ ਕੁਮਾਰ, ਪਰਮਿੰਦਰ ਸਿੰਘ, ਪੁਲਕੀਤ ਮਕਾਨ, ਬੀ.ਟੀ. ਪ੍ਰਸ਼ਾਦ ਅਤੇ ਹਰਬਿੰਦਰ ਸਿੰਘ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *

error: Content is protected !!