ਮੁੱਖ ਮੰਤਰੀ ਪੰਜਾਬ ਵਲੋਂ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਲਈ ਵੱਡੇ ਪੱਧਰ `ਤੇ ਉਦਯੋਗਿਕ ਨਿਵੇਸ਼ ਦਾ ਐਲਾਨ

0

ਸ੍ਰੀ ਚਮਕੌਰ ਸਾਹਿਬ, 23 ਅਕਤੂਬਰ 2021 :  ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਦੇ ਦੌਰੇ ਦੌਰਾਨ ਹਲਕੇ ਦੇ ਸਰਬਪੱਖੀ ਵਿਕਾਸ ਲਈ ਵੱਡੇ ਪੱਧਰ ‘ਤੇ ਉਦਯੋਗਿਕ ਨਿਵੇਸ਼ ਦਾ ਐਲਾਨ ਕੀਤਾ ਹੈ। ਸ. ਚੰਨੀ ਨੇ ਕਿਹਾ ਕਿ ਉਦਯੋਗਾਂ ਦੀ ਸਥਾਪਨਾ ਨਾਲ ਇਲਾਕੇ ਦੇ ਸਮੁੱਚੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਸਥਾਨਕ ਨੌਜਵਾਨਾਂ ਨੂੰ ਵੱਡੇ ਪੱਧਰ `ਤੇ ਰੁਜ਼ਗਾਰ ਦੇ ਮੌਕੇ ਮਿਲਣਗੇ। ਉਦਯੋਗਾਂ ਦੀ ਸਥਾਪਨਾ ਨਾਲ ਇਲਾਕੇ ਦੇ ਲੋਕਾਂ ਦੇ ਆਰਥਿਕ ਪੱਧਰ ਵਿਚ ਸੁਧਾਰ ਹੋਵੇਗਾ।

                             

ਅੱਜ ਮੁੱਖ ਮੰਤਰੀ ਵਲੋਂ 56 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 20 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਵੰਡਣ ਸਬੰਧੀ ਚਾਰ ਵੱਖ ਵੱਖ ਥਾਵਾਂ ਮੰਦਵਾੜਾ, ਸਿੰਘ, ਸਾਲਾਪੁਰ ਅਤੇ ਖੇੜੀ ਸਲਾਬਤਪੁਰ ਵਿਖੇ ਰੱਖੇ ਸਾਦੇ ਪ੍ਰਭਾਵਸ਼ਾਲੀ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸ੍ਰੀ ਚਮਕੌਰ ਸਾਹਿਬ ਹਲਕੇ ਵਿਚ 16 ਅਤਿ ਆਧੁਨਿਕ ਖੇਡ ਸਟੇਡੀਅਮਾਂ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ।

ਇਸ ਦੇ ਨਾਲ ਹੀ ਉਨ੍ਹਾਂ ਹਲਕੇ ਦੇ ਪਿੰਡ ਹਰੀਪੁਰ ਉਰਫ ਰੋਡਮਾਜਰਾ ਵਿਖੇ ਖੇਤੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਉਸਾਰੇ ਜਾ ਰਹੇ ਖੇਡ ਸਟੇਡੀਅਮ ਲਈ 1 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ 25 ਲੱਖ ਰੁਪਏ ਦੀ ਰਾਸ਼ੀ ਜਾਰੀ ਵੀ ਕੀਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਵਲੋਂ ਹਲਕੇ ਦੇ ਵੱਖ ਵੱਖ 6 ਪਿੰਡਾਂ ਦੇ ਸਟੇਡੀਅਮਾਂ ਦੇ ਨਿਰਮਾਣ ਦੀ ਸ਼ੁਰੁਆਤ ਕਰਦਿਆਂ 2.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ।

                               

ਇਸ ਤੋਂ ਬਾਅਦ ਮੁੱਖ ਮੰਤਰੀ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਸੀ.ਐਚ.ਸੀ ਨੂੰ 50 ਬਿਸਤਰਿਆਂ ਦਾ ਸਬ ਡਵੀਜਨਲ ਹਸਪਤਾਲ ਬਨਾਉਣ ਲਈ 10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਨਵੀਂ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ।ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਹਸਪਤਾਲ ਵਿਚ 2 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਅਧੁਨਿਕ ਮਸ਼ੀਨਰੀ ਵੀ ਲਾਈ ਜਾਵੇਗੀ।ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹਲਕੇ ਦੀਆਂ ਪੇਂਡੂ ਸਿਹਤ ਅਤੇ ਪਸ਼ੂ ਡਿਸਪੈਂਸਰੀਆਂ ਦੀਆਂ ਇਮਾਰਤਾਂ ਦੀ ਮੁੜ ਉਸਾਰੀ ਦਾ ਵੀ ਐਲਾਨ ਕੀਤਾ।

ਇਸ ਉਪਰੰਤ ਮੁੱਖ ਮੰਤਰੀ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 9.57 ਕਰੋੜ ਰੁਪਏ ਦੇ 100 ਫੀਸਦੀ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਅਤੇ ਵਿਕਾਸ ਦੇ ਹੋਰ ਕੰਮਾਂ ਦਾ ਨੀਂਹ ਪੱਥਰ ਵੀ ਰੱਖਿਆ।

                             

ਮੁੱਖ ਮੰਤਰੀ ਨੇ ਹਲਕੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਸਾਰੇ ਵਿਕਾਸ ਕਾਰਜ ਬਿਨਾਂ ਕਿਸੇ ਰਾਜਨੀਤਕ ਭੇਦਭਾਵ ਅਤੇ ਬਿਨਾਂ ਕਿਸੇ ਵਿਤਕਰੇ ਤੋਂ ਨੇਪਰੇ ਚਾੜੇ ਜਾਣ। ਉਨ੍ਹਾਂ ਨਾਲ ਹੀ ਅਧਿਕਾਰੀਆਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਰੇ ਵਿਕਾਸ ਕਾਰਜ ਪੂਰੀ ਪਾਰਦਰਸ਼ਤਾ, ਇਮਾਨਦਾਰੀ ਅਤੇ ਮਿਆਰੀ ਨਿਰਮਾਣ ਸਮੱਗਰੀ ਦੀ ਵਰਤੋਂ ਕਰਕੇ ਪੂਰੇ ਕੀਤੇ ਜਾਣ।

About The Author

Leave a Reply

Your email address will not be published. Required fields are marked *