ਸੰਗਰੂਰ ‘ਚ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 2557 ਘਰੇਲੂ ਖਪਤਕਾਰਾਂ ਦੇ 1.39 ਕਰੋੜ ਰੁਪਏ ਦੇ ਬਕਾਇਆ ਬਿਜਲੀ ਬਿਲ ਹੋਏ ਮਾਫ਼ : ਡਿਪਟੀ ਕਮਿਸ਼ਨਰ

ਸੰਗਰੂਰ, 23 ਅਕਤੂਬਰ 2021 : ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਸਰਕਾਰ ਵੱਲੋਂ ਉਲੀਕੀਆਂ ਭਲਾਈ ਯੋਜਨਾਵਾਂ ਦਾ ਲਾਭ ਲੋੜਵੰਦ ਲੋਕਾਂ ਦੇ ਘਰਾਂ ਦੀ ਬਰੂਹਾ ਤੱਕ ਪਹੰੁਚਾਉਣ ਲਈ ਜ਼ਿਲਾ ਸੰਗਰੂਰ ਦੀ ਹਰੇਕ ਸਬ ਡਵੀਜ਼ਨ ਪੱਧਰ ’ਤੇ ਸੁਵਿਧਾ ਕੈਂਪ ਲਗਾਉਣ ਦਾ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਲੋਕ ਸੁਵਿਧਾ ਲਈ ਲਗਾਏ ਕੈਂਪਾਂ ਦੌਰਾਨ ਹੁਣ ਤੱਕ ਜ਼ਿਲੇ ਅੰਦਰ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 2557 ਘਰੇਲੂ ਖਪਤਕਾਰਾਂ ਦੇ 139.33 ਲੱਖ ਰੁਪਏ ਦੇ ਬਕਾਇਆ ਬਿਜਲੀ ਬਿਲ ਮਾਫ਼ ਕਰ ਦਿੱਤੇ ਗਏ ਹਨ। ਉਨਾਂ ਕਿਹਾ ਕਿ ਇਸ ਯੋਜਨਾ ਦਾ ਹਰੇਕ ਵਰਗ ਦੇ ਲੋੜਵੰਦ ਖ਼ਪਤਕਾਰਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਭ ਮੁਹੱਈਆ ਕਰਵਾਉਣ ਲਈ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।
ਸ਼੍ਰੀ ਰਾਮਵੀਰ ਨੇ ਦੱਸਿਆ ਕਿ ਸਿਰਫ 22 ਅਕਤੂਬਰ ਵਾਲੇ ਦਿਨ ਹੀ ਜ਼ਿਲ੍ਹੇ ਦੇ 442 ਪਰਿਵਾਰਾਂ ਦੇ 47 ਲੱਖ ਰੁਪਏ ਤੋਂ ਵਧੇਰੇ ਦਾ ਬਕਾਇਆ ਬਿੱਲ ਮੁਆਫ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਜਿਹੜੇ ਪਰਿਵਾਰਾਂ ਦੇ 2 ਕਿੱਲੋਵਾਟ ਤੱਕ ਦੇ ਮੀਟਰਾਂ ਦੇ ਬਕਾਇਆ ਬਿੱਲ ਖੜ੍ਹੇ ਹਨ ਉਹ ਇਨ੍ਹਾਂ ਕੈਂਪਾਂ ਜਾਂ ਬਿਜਲੀ ਗਰਿੱਡਾਂ ‘ਚ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਕੇ ਬਕਾਇਆ ਬਿੱਲ ਤੁਰੰਤ ਮੁਆਫ ਕਰਵਾ ਸਕਦੇ ਹਨ।
ਉਨਾਂ ਦੱਸਿਆ ਕਿ ਬਿਜਲੀ ਮਾਫ਼ੀ ਲਈ ਖ਼ਪਤਕਾਰਾਂ ਤੋਂ ਬਿਨਾਂ ਕਿਸੇ ਖੱਜਲ ਖੁਆਰੀ ਅਰਜ਼ੀਆ ਪ੍ਰਾਪਤ ਕਰਨ ਤੋਂ ਬਾਅਦ ਪੜਤਾਲ ਦੌਰਾਨ ਬਿਜਲੀ ਬੋਰਡ ਵੱਲੋਂ ਤੁਰੰਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ, ਤਾਂ ਜੋ ਹਰੇਕ ਲਾਭਪਤਾਰੀਆਂ ਨੂੰ ਸਮਾਂਬੱਧ ਢੰਗ ਨਾਲ ਪੰਜਾਬ ਸਰਕਾਰ ਦੀ ਭਲਾਈ ਯੋਜਨਾ ਦਾ ਲਾਭ ਦਿੱਤਾ ਜਾ ਸਕੇ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਲੋੜਵੰਦਾਂ ਲੋਕਾਂ ਨੂੰ ਰਾਜ ਸਰਕਾਰ ਦੀ ਪੈਨਸ਼ਨ ਕੇਸ, ਸਰਬੱਤ ਸਿਹਤ ਬੀਮਾ ਯੋਜਨਾ, 5 ਮਰਲੇ ਪਲਾਟ ਮੁਹੱਈਆ ਕਰਵਾਉਣ ਅਤੇ ਹੋਰ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਕਿਸੇ ਵੀ ਯੋਗ ਲਾਭਪਾਤਰੀ ਨੂੰ ਸਰਕਾਰ ਵੱਲੋਂ ਦਿੱਤੀਆ ਜਾਂਦੀਆਂ ਸੁਵਿਧਾਵਾਂ ਤੋਂ ਵਾਂਝਾਂ ਨਹੀ ਰਹਿਣ ਦਿੱਤਾ ਜਾਵੇਗਾ।