ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਨੂੰ ਅਹੁਦੇ ਦਾ ਹਲਫ਼ ਦਿਵਾਇਆ

0

ਚੰਡੀਗੜ੍ਹ, 22 ਅਕਤੂਬਰ 2021 : ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਚੇਅਰਮੈਨ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਨਵੇਂ ਨਿਯੁਕਤ ਚੇਅਰਮੈਨ ਜਗਬੰਸ ਸਿੰਘ ਨੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ।

ਇਸ ਦੌਰਾਨ ਅੱਜ ਸ਼ਾਮ ਇੱਥੇ ਪੰਜਾਬ ਰਾਜ ਭਵਨ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸਹੁੰ ਚੁੱਕ ਸਮਾਰੋਹ ਦੀ ਕਾਰਵਾਈ ਚਲਾਈ।

ਦੱਸਣਯੋਗ ਹੈ ਕਿ ਜਗਬੰਸ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੈਚੂਲਰ ਇਨ ਇੰਜਨੀਅਰਿੰਗ (ਸਿਵਲ ਇੰਜਨੀਅਰਿੰਗ) ਹਨ ਅਤੇ ਉਨ੍ਹਾਂ ਨੇ ਇੰਸਟੀਚਿਊਟ ਆਫ਼ ਚਾਰਟਿਡ ਫਾਈਨੈਂਸ਼ਲ ਤੋਂ ਡਿਪਲੋਮਾ ਇਨ ਬਿਜ਼ਨਸ ਫਾਈਨਾਂਸ ਤੋਂ ਇਲਾਵਾ ਪਬਲਿਕ ਫਾਈਨੈਂਸ਼ਲ ਮੈਨੇਜਮੈਂਟ ਵਿਚ ਐਨੇਲਿਸਟ ਆਫ ਇੰਡੀਆ ਆਈ.ਐਮ.ਐਫ. ਸਰਟੀਫਿਕੇਟ ਅਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਤੋਂ ਸਰਟੀਫਿਕੇਟ ਇਨ ਐਕਚੂਰੀਅਲ ਸਾਇੰਸ ਕੀਤਾ ਹੋਇਆ ਹੈ।

ਜਗਬੰਸ ਸਿੰਘ ਦਾ ਪਬਲਿਕ ਆਡਿਟ ਦੇ ਖੇਤਰ ਵਿਚ 34 ਵਰ੍ਹਿਆਂ ਦਾ ਲੰਮਾ ਤਜਰਬਾ ਹੈ ਜਿਨ੍ਹਾਂ ਨੇ ਲਾਈਨ ਆਡੀਟਰ ਤੋਂ ਨਿਗਰਾਨ ਆਡੀਟਰ ਤੱਕ ਖੇਤਰੀ ਕੰਮ ਕੀਤਾ। ਉਸ ਤੋਂ ਬਾਅਦ ਸੂਬਾ ਸਰਕਾਰਾਂ ਦੇ ਆਡਿਟ ਦਫ਼ਤਰਾਂ ਵਿਚ ਅਹਿਮ ਅਹੁਦਿਆਂ ਉਤੇ ਜ਼ਿੰਮੇਵਾਰੀ ਨਿਭਾਈ ਅਤੇ 31 ਮਾਰਚ, 2021 ਨੂੰ ਕੰਪਟਰੋਲਰ ਆਫ਼ ਆਡਿਟਰ ਜਨਰਲ ਆਫ ਇੰਡੀਆ ਵਿਚ ਡਿਪਟੀ ਕੰਪਟਰੋਲਰ ਐਂਡ ਆਡਿਟਰ ਜਨਰਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ।

ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ.ਐਮ. ਬਾਲਾਮੁਰਗਮ ਅਤੇ ਪ੍ਰਮੁੱਖ ਸਕੱਤਰ ਪ੍ਰਸੋਨਲ ਵਿਵੇਕ ਪ੍ਰਤਾਪ ਸਿੰਘ ਹਾਜ਼ਰ ਸਨ।

About The Author

Leave a Reply

Your email address will not be published. Required fields are marked *