ਨਵੋਦਿਆ ਵਿਦਿਆਲਿਆ ‘ਚ ਸੈਸ਼ਨ 2022-23 ਲਈ 6ਵੀਂ ਤੇ 9ਵੀਂ ਜਮਾਤ ਲਈ ਦਾਖਲੇ ਖੁੱਲ੍ਹੇ
ਪਟਿਆਲਾ, 22 ਅਕਤੂਬਰ 2021 : ਨਵੋਦਿਆ ਵਿਦਿਆਲਿਆ ਵਿੱਚ ਵਿਦਿਅਕ ਸੈਸ਼ਨ 2022-23 ਲਈ 6ਵੀਂ ਜਮਾਤ ਅਤੇ 9ਵੀਂ ਜਮਾਤ ਵਿੱਚ ਖਾਲੀ ਸੀਟਾ ਵਿੱਚ ਦਾਖਲੇ ਲਈ ਆਨ ਲਾਈਨ ਅਰਜੀਆਂ ਲਈ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵੋਦਿਆ ਵਿਦਿਆਲਿਆ ਹਰੇਕ ਜ਼ਿਲ੍ਹੇ ਵਿੱਚ ਹੈ, ਪਟਿਆਲਾ ਜ਼ਿਲ੍ਹੇ ਦਾ ਜਵਾਹਰ ਨਵੋਦਿਆ ਵਿਦਿਆਲਿਆ, ਪਿੰਡ ਫ਼ਤਿਹਪੁਰ ਰਾਜਪੂਤਾਂ, ਸਨੌਰ ਵਿਖੇ ਹੈ, ਜ਼ਿਥੇ ਵਿਦਿਆਰਥੀਆਂ ਲਈ ਹੋਸਟਲ, ਮੁਫ਼ਤ ਵਿਦਿਆ, ਖਾਣ-ਪੀਣ ਅਤੇ ਰਿਹਾਇਸ਼ ਦਾ ਪ੍ਰਬੰਧ ਹੈ। ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਮਾਈਗਰੇਸ਼ਨ ਸਕੀਮ ਦੇ ਅਧੀਨ ਦੂਸਰੇ ਰਾਜਾ ਦੇ ਸਭਿਆਚਾਰ ਨੂੰ ਵੇਖਣ ਦਾ ਮੌਕਾ ਵੀ ਪ੍ਰਾਪਤ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਮਿਆਰੀ ਸਿੱਖਿਆ ਲਈ ਜਾਣੇ ਜਾਂਦੇ ਇਨ੍ਹਾਂ ਵਿਦਿਆਲਿਆ ਵਿਚ 6ਵੀਂ ਜਮਾਤ ਵਿੱਚ ਦਾਖਲਾ ਟੈਸਟ ਰਾਹੀਂ ਹੁੰਦਾ ਹੈ ਇਸ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕ੍ਰਿਆ 30 ਨਵੰਬਰ 2021 ਤੱਕ ਚਲੇਗੀ। ਜਿਹੜੇ ਉਮੀਦਵਾਰ ਸੈਸ਼ਨ 2021-22 ਵਿੱਚ ਕਲਾਸ 5ਵੀਂ ਵਿੱਚ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿੱਚ ਨਵੋਦਿਆ ਵਿਦਿਆਲਿਆ ਵਾਲੇ ਜ਼ਿਲ੍ਹੇ ਵਿਚ ਪੜਦੇ ਹੋਣ ਤੇ ਉਥੇ ਦਾਖਲਾ ਲੈਣਾ ਚਾਹੁੰਦੇ ਹੋਣ ਅਤੇ ਫਾਰਮ ਭਰਣ ਦੇ ਯੋਗ ਹਨ, ਅਪਲਾਈ ਕਰ ਸਕਦੇ ਹਨ।
ਉਮੀਦਵਾਰ ਵੱਲੋਂ ਹਰ ਕਲਾਸ ਵਿੱਚ ਵਿਦਿਅਕ ਸੈਸ਼ਨ ਪੂਰਾ ਕਰਕੇ, ਤੀਜ਼ੀ ਅਤੇ ਚੌਥੀ ਜਮਾਤ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿੱਚੋ ਪਾਸ ਕੀਤੀ ਹੋਈ ਹੋਣੀ ਚਾਹੀਦੀ ਹੈ। ਅਜਿਹੇ ਬੱਚੇ, ਜਿਸ ਦਾ ਜਨਮ 1 ਮਈ 2009 ਤੋਂ 30 ਅਪ੍ਰੈਲ 2013 ਦੇ ਵਿਚਕਾਰ (ਦੋਨੋ ਦਿਨਾ) ਸਮੇਤ ਹੋਇਆ ਹੋਵੇ।ਹੋਰ ਵਿਸਥਾਰ ਬਾਰੇ ਜਾਣਕਾਰੀ ਅਤੇ ਆਨਲਾਈਨ ਫਾਰਮ ਭਰਨ ਲਈ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ www.navodaya.gov.in ਦੇਖੀ ਜਾ ਸਕਦੀ ਹੈ।ਦਾਖਲਾ ਪ੍ਰੀਖਿਆ 30 ਅਪ੍ਰੈਲ 2022 ਨੂੰ ਲਈ ਜਾਵੇਗੀ।
ਨਵੋਦਿਆ ਵਿਦਿਆਲਿਆ ‘ਚ ਸੈਸ਼ਨ 2022-23 ਲਈ 9ਵੀਂ ਕਲਾਸ ਦੀਆਂ ਕੁਝ ਖਾਲੀ ਸੀਟਾਂ ਭਰਨ ਲਈ ਵੀ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ।ਇਸ ਲਈ ਆਨਲਾਈਨ ਅਰਜੀਆਂ ਭਰਨ ਦੀ ਮਿਤੀ 31 ਅਕਤੂਬਰ 2021 ਹੈ ਤੇ ਦਾਖਲਾ ਟੈਸਟ 9 ਅਪ੍ਰੈਲ 2022 ਨੂੰ ਹੋਵੇਗਾ। ਇਸ ਲਈ ਚਾਲੂ ਵਿਦਿਅਕ ਸੈਸ਼ਨ ਦੌਰਾਨ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿੱਚ 8ਵੀਂ ਵਿੱਚ ਪੜ੍ਹਦੇ ਬੱਚੇ ਯੋਗ ਹਨ ਤੇ ਦਾਖਲਾ ਲੈਣ ਵਾਲੇ ਬੱਚੇ ਦਾ ਜਨਮ 1 ਮਈ 2006 ਤੋਂ 30 ਅਪ੍ਰੈਲ 2010 ਤੱਕ ਦੇ ਵਿਚਕਾਰ ਸਮੇਤ ਦੋਨੋ ਦਿਨ ਹੋਇਆ ਹੋਵੇ।ਉਪਲਬੱਧ ਖਾਲੀ ਸੀਟਾਂ, ਹੋਰ ਜਾਣਕਾਰੀ ਅਤੇ ਆਨਲਾਈਨ ਅਪਲਾਈ ਲਈ ਅਤੇ ਦਾਖਲਾ ਪ੍ਰੀਖਿਆ ਦਾ ਸਲੇਬਸ ਜਾਨਣ ਲਈ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ www.navodaya.gov.in ਦੇਖੀ ਜਾ ਸਕਦੀ ਹੈ।