ਸ਼ਿਵ ਕੰਵਰ ਸਿੰਘ ਸੰਧੂ ਵੱਲੋਂ ਬੀ.ਐਸ.ਐਫ਼. ਨੂੰ ਜ਼ਿਆਦਾ ਸ਼ਕਤੀਆਂ ਦੇਣਾ ਸੂਬੇ ਦੇ ਸੰਘੀ ਢਾਂਚੇ ’ਤੇ ਹਮਲਾ ਕਰਾਰ
ਜਲੰਧਰ, 22 ਅਕਤੂਬਰ 2021 : ਉਘੇ ਕਾਂਗਰਸੀ ਆਗੂ ਸ੍ਰੀ ਸ਼ਿਵ ਕੰਵਰ ਸਿੰਘ ਸੰਧੂ ਨੇ ਬੀ.ਐਸ.ਐਫ਼. ਨੂੰ ਜ਼ਿਆਦਾ ਸ਼ਕਤੀਆਂ ਦੇਣ ਨੂੰ ਸੂਬੇ ਦੇ ਸੰਘੀ ਢਾਂਚੇ ’ਤੇ ਹਮਲਾ ਕਰਾਰ ਦਿੱਤਾ ਹੈ। ਅੱਜ ਏਥੇ ਜਾਰੀ ਇੱਕ ਬਿਆਨ ਵਿੱਚ ਸ੍ਰੀ ਸੰਧੂ ਨੇ ਕਿਹਾ ਕਿ ਪੰਜਾਬ ਕਿਸਾਨ ਅੰਦੋਲਨ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਕਰਕੇ ਇਸ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਇਸ ਨੂੰ ਗੜਬੜ ਵਾਲਾ ਸੂਬਾ ਗਰਦਾਨ ਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ.ਐਸ. ਐਫ਼ ਨੂੰ ਵਧੇਰੇ ਇਲਾਕੇ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ ਜਿਸ ਦੇ ਨਾਲ ਉਹ ਪੰਜਾਬ ਪੁਲਿਸ ਦੀ ਸ਼ਮੂਲੀਅਤ ਤੋਂ ਬਿਨਾ ਘਰਾਂ ਦੇ ਤਲਾਸ਼ੀ ਲੈ ਸਕੇਗੀ ਅਤੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਸਕੇਗੀ। ਉਨ੍ਹਾਂ ਕਿਹਾ ਕਿ ਇਸ ਨੇ ਨਾਲ ਲੋਕਾਂ ਦੀ ਬੀ.ਐਸ.ਐਫ਼ ਹੱਥੋਂ ਪ੍ਰੇਸ਼ਾਨੀ ਵਧੇਗੀ।
ਸ੍ਰੀ ਸੰਧੂ ਨੇ ਕਿਹਾ ਬੀ.ਐਸ. ਐਫ. ਦੀ ਅੰਦਰੂਨੀ ਸਰਗਰਮੀ ਨਾਲ ਇਸ ਵੱਲੋਂ ਅੰਤਰ ਰਾਸ਼ਟਰੀ ਸਰਹੱਦ ’ਤੇ ਮੁਢਲੀ ਜ਼ਿੰਮੇਂਵਾਰੀ ਨਿਭਾਉਣ ਵਿੱਚ ਕਮੀ ਆਵੇਗੀ। ਇਹ ਤਕਰੀਬਨ ਅੱਧੇ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਉਣ ਦੇ ਬਰਾਬਰ ਹੈ ਜਿਸ ਦੇ ਹੇਠ ਸੂਬੇ ਦੇ ਮਲੋਟ, ਅਬੋਹਰ, ਮੁਕਤਸਰ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਵਰਗੇ ਮੁੱਖ ਸ਼ਹਿਰਾਂ ਤੋਂ ਇਲਾਵਾ ਹੋਰ ਛੋਟੇ ਕਸਬੇ ਤੇ ਇਲਾਕੇ ਵੀ ਆਉਣਗੇ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਅਟੈਕ, ਸਮਗਲਿੰਗ ਅਤੇ ਹੋਰ ਸਰਗਰਮੀਆਂ ਨੂੰ ਰੋਕਣਾ ਹੁਣ ਭਾਰਤ ਸਰਕਾਰ ’ਤੇ ਹੈ। ਜਿਹੜੀ ਸਰਕਾਰ ਸਰਹੱਦ ਦੇ 15 ਕਿਲੋਮੀਟਰ ਇਲਾਕੇ ’ਤੇ ਨਿਯੰਤਰਣ ਰੱਖਣ ਵਿੱਚ ਅਸਮਰਥ ਹੈ, ਉਸ ਵੱਲੋਂ 50 ਕਿਲੋਮੀਟਰ ਇਲਾਕੇ ’ਤੇ ਕੰਟਰੋਲ ਕਰਨਾ ਕਿਸ ਤਰ੍ਹਾਂ ਸੰਭਵ ਹੈ? ਪੰਜਾਬ ਦੀ ਹੋਰਨਾਂ ਸੂਬਿਆਂ ਨਾਲ ਤੁਲਨਾ ਕਰਨਾ ਬਹੁਤ ਮੁਸ਼ਕਲ ਹੈ। ਰਾਜਸਥਾਨ ਦਾ ਵੱਡਾ ਇਲਾਕਾ ਖਾਲੀ ਪਿਆ ਹੈ ਅਤੇ ਕੁੱਝ ਹੋਰ ਸੂਬਿਆਂ ਵਿੱਚ ਸਰਹੱਦ ’ਤੇ ਜੰਗਲੀ ਇਲਾਕਾ ਹੈ।
ਉਨ੍ਹਾਂ ਕਿਹਾ ਕਿ ਸਰਹੱਦ ’ਤੇ ਕੰਡਿਆਲੀ ਤਾਰ ਪਹਿਲਾਂ ਹੀ ਲੱਗੀ ਹੋਈ ਹੈ, ਇਸ ਕਰਕੇ ਬੀ.ਐਸ.ਐਫ. ਦੇ ਇਲਾਕੇ ਵਿੱਚ ਹੋਰ ਵਾਧਾ ਕਰਨ ਦੀ ਜ਼ਰੂਰਤ ਨਹੀਂ ਹੈ। ਸ੍ਰੀ ਸੰਧੂ ਨੇ ਕਿਹਾ ਕਿ ਸਰਹੱਦ ’ਤੇ ਰਹਿ ਰਹੇ ਲੋਕ ਪਹਿਲਾਂ ਹੀ ਭਾਰੀ ਮਾਨਸਿਕ ਪ੍ਰੇਸ਼ਾਨੀ ਵਿੱਚ ਦੀ ਗੁਜ਼ਰ ਰਹੇ ਹਨ। ਉਨ੍ਹਾਂ ਨੂੰ ਰੋਜ਼ਾਨਾ ਖੇਤੀਬਾੜੀ ਦੇ ਕੰਮਾਂ ਲਈ ਮੁਸ਼ਕਲ ਆ ਰਹੀ ਹੈ। ਪੰਜਾਬ ਅਤੇ ਕਿਸਾਨਾਂ ਦਾ ਰਗੜਾ ਬੰਨ੍ਹਣ ਲਈ ਇਹ ਡੂੰਘੀ ਸਾਜ਼ਿਸ਼ ਹੈ। ਇਹ ਕਾਰਵਾਈ ਦੇਸ਼ ਦੇ ਵਡੇਰੇ ਹਿੱਤਾਂ ਵਿੱਚ ਨਹੀਂ ਹੈ ਜੋ ਦੇਸ਼ ਦੀ ਅਖੰਡਤਾ ਨੂੰ ਢਾਹ ਲਾਵੇਗੀ।