15 ਲੋਕ-ਪੱਖੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ, 28-29 ਅਕਤੂਬਰ ਨੂੰ ਵਿਸ਼ੇਸ਼ ਸੁਵਿਧਾ ਕੈਂਪ ਲਗਾਏ ਜਾਣਗੇ : ਡੀ.ਸੀ. ਵਰਿੰਦਰ ਕੁਮਾਰ ਸ਼ਰਮਾ

0

ਲੁਧਿਆਣਾ, 21 ਅਕਤੂਬਰ 2021 : ਪੰਜਾਬ ਸਰਕਾਰ ਦੀਆਂ 15 ਲੋਕ-ਪੱਖੀ ਸਕੀਮਾਂ ਅਤੇ ਨੀਤੀਆਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ 28 ਅਤੇ 29 ਅਕਤੂਬਰ ਨੂੰ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ‘ਤੇ ਸੁਵਿਧਾ ਕੈਂਪਾਂ ਦਾ ਆਯੋਜਨ ਕਰਨ ਤੱਤਪਰ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਾਰੇ ਅਧਿਕਾਰੀਆਂ ਨੂੰ ਜ਼ਿਲ੍ਹੇ ਭਰ ਵਿੱਚ ਸੁਵਿਧਾ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਇਨ੍ਹਾਂ ਸਰਕਾਰੀ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ‘ਤੇ ਮਿਲ ਸਕੇ। ਇਹ ਸਹੂਲਤਾਂ ਵਸਨੀਕਾਂ ਦੇ ਘਰ-ਘਰ ਪਹੁੰਚਾਈਆਂ ਜਾਣਗੀਆਂ ਜਿੱਥੇ ਉਹ ਵੱਖ-ਵੱਖ 15 ਸਕੀਮਾਂ ਦਾ ਲਾਹਾ ਲੈ ਸਕਦੇ ਹਨ ਜਿਸ ਵਿੱਚ ਬੇਜ਼ਮੀਨੇ ਨਾਗਰਿਕਾਂ ਲਈ ਪੰਜ ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਵਾ, ਵਿਧਵਾ, ਆਸ਼ਰਿਤ ਆਦਿ), ਐਸ.ਸੀ/ਬੀ.ਸੀ. ਕਾਰਪੋਰੇਸ਼ਨਾਂ ਤੋਂ ਕਰਜ਼ਾ/ਬੈਂਕ ਫਿੰਕੋ ਤੋਂ ਘਰ ਦੀ ਮੁਰੰਮਤ, ਬੱਸ ਪਾਸ, ਬਕਾਇਆ ਪਰਿਵਰਤਨ ਕੇਸ, ਮਨਰੇਗਾ ਜਾਬ ਕਾਰਡ, ਦੋ ਕਿਲੋਵਾਟ ਦੀ ਸਮਰੱਥਾ ਤੱਕ ਬਿਜਲੀ ਬਕਾਏ ਮੁਆਫ ਕਰਨ ਦਾ ਸਰਟੀਫਿਕੇਟ, ਸੀ.ਐਲ.ਯੂ. ਦੇ ਕੇਸ/ਨਕਸ਼ੇ ਆਦਿ ਸ਼ਾਮਲ ਹਨ।

ਲੁਧਿਆਣਾ ਵਿੱਚ ਇਨ੍ਹਾਂ ਕੈਂਪਾਂ ਨੂੰ ਸਫਲ ਬਣਾਉਣ ਲਈ ਸਬੰਧਤ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕਾਰਜ਼ ਵਿੱਚ ਕਿਸੇ ਵੀ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਦੀ ਸੂਰਤ ਵਿੱਚ ਕਰੜੇ ਹੱਥੀਂ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਕੈਂਪਾ ਰਾਹੀਂ ਇੱਕ ਹੀ ਛੱਤ ਹੇਠ ਕਈ ਯੋਜਨਾਵਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ ਅਤੇ ਵੱਖੋ-ਵੱਖਰੇ ਦਫ਼ਤਰਾਂ ਦੇ ਚੱਕਰ ਕੱਢਣ ਦੀ ਵੀ ਲੋੜ ਨਹੀਂ ਪਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕੈਂਪ ਪੱਛੜੇ ਵਰਗਾਂ ਲਈ ਵਰਦਾਨ ਸਿੱਧ ਹੋਣਗੇ ਜਿਸ ਦੇ ਤਹਿਤ ਉਨ੍ਹਾਂ ਨੂੰ ਘਰੋ-ਘਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਨ੍ਹਾਂ ਸਕੀਮਾਂ ਨੂੰ ਲਾਹੇਵੰਦ ਕਰਾਰ ਦਿੰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਸਿਰਫ ਲੋਕਾਂ ਦੀ ਸਰਗਰਮ ਭਾਗੀਦਾਰੀ ਹੀ ਇਸ ਉਪਰਾਲੇ ਨੂੰ ਵੱਡੀ ਸਫਲਤਾ ਦੇ ਸਕਦੀ ਹੈ, ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ 28 ਅਤੇ 29 ਤਰੀਕ ਨੂੰ ਅੱਗੇ ਆਉਣ।

About The Author

Leave a Reply

Your email address will not be published. Required fields are marked *

error: Content is protected !!