ਜ਼ਿਲ੍ਹਾ ਵਾਸੀਆਂ ਤੱਕ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਪਹੁੰਚਾਉਣ ਲਈ 28 ਤੇ 29 ਨੂੰ ਲਗਵਾਏ ਜਾਣਗੇ ਸੁਵਿਧਾ ਕੈਂਪ : ਅਪਨੀਤ ਰਿਆਤ
ਹੁਸ਼ਿਆਰਪੁਰ, 20 ਅਕਤੂਬਰ 2021 : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਲੋਕਾਂ ਤੱਕ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਜਮੀਨੀ ਪੱਧਰ ਤੱਕ ਪੰਹੁਚਾਉਣ ਲਈ ਹਰ ਮਹੀਨੇ ਦੋ ਦਿਨ ਸੁਵਿਧਾ ਕੈਂਪ ਜ਼ਿਲ੍ਹਾ ਪੱਧਰ ਤੇ ਸਬ-ਡਵੀਜ਼ਨ ਪੱਧਰ ’ਤੇ ਲਗਾਏ ਜਾਣਗੇ, ਇਸੇ ਲੜੀ ਵਿਚ ਇਸ ਮਹੀਨੇ ਪਹਿਲਾਂ ਕੈਂਪ 28 ਤੇ 29 ਅਕਤੂਬਰ ਨੂੰ ਜ਼ਿਲ੍ਹਾ ਹੈਡਕੁਆਟਰ ਤੇ ਸਾਰੀਆਂ ਸਬ-ਡਵੀਜ਼ਨਾਂ ਵਿਚ ਲਗਾਏ ਜਾ ਰਹੇ ਹਨ। ਉਹ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਕੈਂਪ ਲਗਾਉਣ, ਪ੍ਰਬੰਧਾਂ ਅਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ ਇਹ ਕੈਂਪ ਸਰਕਾਰੀ ਕਾਲਜ ਹੁਸ਼ਿਆਰਪੁਰ, ਦਸੂਹਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦਸੂਹਾ, ਗੜ੍ਹਸ਼ੰਕਰ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ, ਮੁਕੇਰੀਆਂ ਬੀ.ਡੀ.ਪੀ.ਓ. ਦਫ਼ਤਰ ਵਿਚ ਲਗਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿਚ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਦੋ ਦਰਜਨ ਤੋਂ ਵੱਧ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
ਕੈਂਪ ਵਿਚ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ, ਦਿਵਆਂਗ), ਬਿਜਲੀ ਕੁਨੈਕਸ਼ਨ, ਘਰਾਂ ਵਿਚ ਪਖਾਨੇ ਬਨਾਉਣ, ਐਲ.ਪੀ.ਜੀ. ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਵੋਟਰ ਕਾਰਡ ਬਨਾਉਣ, ਆਸ਼ੀਰਵਾਦ ਸਕੀਮ, ਬੱਚਿਆਂ ਦੀ ਸਕਾਲਰਸ਼ਿਪ, ਐਸ.ਸੀ./ਬੀ.ਸੀ. ਕਾਰਪੋਰੇਸ਼ਨ/ਬੈਂਕ ਫਿੰਕੋ ਤੋਂ ਕਰਜਾ, ਬਸ ਪਾਸ, ਪੈਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜ਼ਾਬ ਕਾਰਡ, ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਏਰੀਅਰ ਮੁਆਫ਼ੀ ਸਰਟੀਫਿਕੇਟ, ਪੈਂਡਿੰਗ ਸੀ.ਐਲ.ਯੂ./ਨਕਸ਼ੇ ਆਦਿ ਸਬੰਧੀ ਫਾਰਮ ਭਰੇ ਜਾਣਗੇ।
ਅਪਨੀਤ ਰਿਆਤ ਨੇ ਐਸ.ਡੀ.ਐਮਜ਼ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਸੁਵਿਧਾ ਕੈਂਪਾਂ ਨੂੰ ਕਾਮਯਾਬ ਕਰਨ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਵੱਖ-ਵੱਖ ਵਿਭਾਗਾਂ ਦੇ ਸਟਾਫ਼ ਦੇ ਬੈਠਣ ਤੇ ਕੈਂਪ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਹਰ ਜ਼ਰੂਰੀ ਸੁਵਿਧਾ ਜਿਵੇਂ ਕਿ ਪਾਣੀ, ਪਖਾਨੇ ਤੇ ਬੈਠਣ ਦੀ ਵਿਵਸਥਾ ਆਦਿ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਯੋਗ ਲਾਭਪਾਤਰੀ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਤੋਂ ਵਾਂਝੇ ਨਾ ਰਹਿ ਸਕਣ। ਉਨ੍ਹਾਂ ਲਾਭਪਾਤਰੀਆ ਨੂੰ ਵੀ ਅਪੀਲ ਕਰਦੇ ਹੋਏ ਵੱਧ ਤੋਂ ਵੱਧ ਇਨ੍ਹਾਂ ਸੁਵਿਧਾ ਕੈਂਪਾਂ ਦਾ ਫਾਇਦਾ ਲੈਣ ਲਈ ਕਿਹਾ।
ਉਨ੍ਹਾਂ ਵਿਭਾਗ ਮੁਖੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੁਵਿਧਾ ਕੈਂਪਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਵਿਭਾਗ ਇਨ੍ਹਾਂ ਕੈਂਪਾਂ ਵਿਚ ਆਪਣੀ ਹਾਜ਼ਰੀ ਦੇ ਨਾਲ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਫਾਰਮ ਭਰਵਾਉਣੇ ਯਕੀਨੀ ਬਨਾਉਣ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਪੁਲਿਸ ਦੇ ਨਾਲ-ਨਾਲ ਜੀ.ਓ.ਜੀਜ਼ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵ ਰਾਜ ਸਿੰਘ ਬਲ, ਐਸ.ਡੀ.ਐਮ. ਮੁਕੇਰੀਆਂ ਅਸ਼ੋਕ ਕੁਮਾਰ, ਐਸ.ਡੀ.ਐਮ. ਦਸੂਹਾ ਰਣਦੀਪ ਸਿੰਘ ਹੀਰ, ਐਸ.ਡੀ.ਐਮ. ਗੜ੍ਹਸ਼ੰਕਰ ਅਰਵਿੰਦ ਕੁਮਾਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।