ਕਿਸਾਨਾਂ ਦੀ ਆਮਦਨ ’ਚ ਵਾਧਾ ਕਰਨ ਲਈ ਮੱਛੀ ਪਾਲਣ ਦਾ ਕਿੱਤਾ ਕਾਫੀ ਲਾਹੇਵੰਦ : ਚਰਨਜੀਤ ਸਿੰਘ

0

ਸੰਗਰੂਰ, 19 ਅਕਤੂਬਰ 2021 :  ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ’ਚ ਵਾਧਾ ਕਰਨ ਲਈ ਮੱਛੀ ਪਾਲਣ ਦਾ ਕਿੱਤਾ ਕਾਫੀ ਲਾਹੇਵੰਦ ਹੈ। ਮੱਛੀ ਪਾਲਣ ਦੇ ਕਿੱਤੇ ਵਿੱਚੋਂ ਕਿਸਾਨ ਡੇਢ ਤੋਂ ਦੋ ਲੱਖ ਰੁਪਏ ਪ੍ਰਤੀ ਏਕੜ ਮੁਨਾਫਾ ਕਮਾ ਰਹੇ ਹਨ। ਮੱਛੀ ਪਾਲਣ ਦਾ ਧੰਦਾ ਕੋਈ ਵੀ 18 ਸਾਲ ਤੋਂ ਵੱਧ ਉਮਰ ਦਾ ਨੌਜਵਾਨ, ਬਜੁਰਗ, ਔਰਤ ਆਸਾਨੀ ਨਾਲ ਕਰ ਸਕਦੇ ਹਨ। ਇਹ ਜਾਣਕਾਰੀ ਸਹਾਇਕ ਡਾਇਰੈਕਟਰ ਮੱਛੀ ਪਾਲਣ ਸੰਗਰੂਰ ਚਰਨਜੀਤ ਸਿੰਘ ਨੇ ਦਿੱਤੀ।

ਉਨਾਂ ਦੱਸਿਆ ਕਿ ਮੱਛੀ ਪਾਲਣ ਦੇ ਚਾਹਵਾਨ ਕਿਸਾਨ ਹਰ ਮਹੀਨੇ ਮੱਛੀ ਪਾਲਣ ਵਿਭਾਗ ਤੋਂ 5 ਦਿਨਾਂ ਸਿਖਲਾਈ ਲੈ ਸਕਦੇ ਹਨ। ਉਨਾਂ ਕਿਹਾ ਕਿ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਸਮੇਂ ਸਮੇਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਮੋਜੂਦਾ ਸਮੇਂ ਬਲਿਊ ਰੈਵੋਲੂਸ਼ਨ ਸਕੀਮ ਤਹਿਤ ਨਵੇਂ ਮੱਛੀ ਤਾਲਾਬ ਦੀ ਉਸਾਰੀ ਲਈ ਅਤੇ ਪ੍ਰਧਾਨ ਮੰਤਰੀ ਮਤੱਸਯਾ ਸੰਪਦਾ ਯੋਜਨਾ ਤਹਿਤ ਮੱਛੀ ਦੀ ਢੋਅ-ਢੁਆਈ ਦੇ ਸਾਧਨ, ਸਾਇਕਲ, ਮੋਟਰ ਸਾਇਕਲ, ਆਟੋ ਰਿਕਸ਼ਾ, ਥ੍ਰੀਵਿਲਰ, ਇੰਸੂਲੇਟਿਡ ਵੈਨ, ਰੀਫਰਿਜ਼ਰੇਟਡ ਵੈਨ ਅਤੇ ਮੱਛੀ ਫੀਡ ਮਿੱਲ ਆਦਿ ਲਈ ਕੁੱਲ ਯੂਨਿਟ ਲਾਗਤ ਦਾ 40 ਫੀਸਦੀ ਜਨਰਲ ਵਰਗ ਅਤੇ 60 ਫੀਸਦੀ ਐਸ.ਸੀ/ਐਸ.ਟੀ ਅਤੇ ਔਰਤਾਂ ਲਈ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।

ਉਨਾਂ ਮੱਛੀ ਦੇ ਮੀਟ ਦੀ ਗੁਣਵਤਾ ਬਾਰੇ ਜਾਗਰੂਕ ਕਰਦਿਆਂ ਦੱਸਿਆ ਕਿ ਮੱਛੀ ਦੇ ਮਾਸ ਵਿਚ ਉਮੇਗਾ-3 ਫ਼ੈਟੀ ਐਸਿਡਜ਼ ਭਰਭੂਰ ਮਾਤਰਾ ਵਿਚ ਪਾਏ ਜਾਂਦੇ ਹਨ, ਜੋ ਕਿ ਖੂਨ ਵਿਚਲੇ ਬੁਰੇ ਕਲੈਸਟਰੋਲ ਨੂੰ ਘਟਾਉਂਦੇ ਹਨ, ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਘੱਟਦਾ ਹੈ। ਉਨਾਂ ਕਿਹਾ ਕਿ ਮੱਛੀ ਦੇ ਮਾਸ ਵਿਚ ਕਾਫ਼ੀ ਮਾਤਰਾ ਵਿਚ ਵਿਟਾਮਿਨਜ਼ ਅਤੇ ਮਿਨਰਲਜ਼ ਪਾਏ ਜਾਂਦੇ ਹਨ, ਜੋ ਕਿ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿਚ ਸਹਾਈ ਹੁੰਦੇ ਹਨ।

ਉਨਾਂ ਦੱਸਿਆ ਕਿ ਇਨਾ ਸਕੀਮਾਂ ਦਾ ਲਾਭ ਲੈਣ ਲਈ ਦਫ਼ਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਸੰਗਰੂਰ ਅਤੇ ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਸੰਗਰੂਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਮੱਛੀ ਪਾਲਣ ਦੇ ਚਾਹਵਾਨਾਂ ਲਈ 25 ਅਕਤੂਬਰ ਤੋਂ ਪੰਜ ਦਿਨਾਂ ਲਈ ਮੁਫ਼ਤ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਸਿਖਲਾਈ ਕੈਂਪ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਇਨਾਂ ਸਕੀਮਾਂ ਦਾ ਲਾਭ ਲਿਆ ਜਾ ਸਕੇ।

About The Author

Leave a Reply

Your email address will not be published. Required fields are marked *

error: Content is protected !!