ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਪਿੰਡ ਹੁੱਕੜਾਂ ’ਚ ਪਰਾਲੀ ਸੰਭਾਲਣ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ

0

ਹੁਸ਼ਿਆਰਪੁਰ, 19 ਅਕਤੂਬਰ 2021 : ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਜਲਾਉਣ ਤੇ ਉਪਲਬੱਧ ਮਸ਼ੀਨਰੀ ਰਾਹੀਂ ਇਸ ਦਾ ਯੋਗ ਪ੍ਰਬੰਧਨ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਲੜੀ ਤਹਿਤ ਕੇਂਦਰ ਵਲੋਂ ਪਿੰਡ ਹੁੱਕੜਾਂ ਵਿਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ।

ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਮਨਿੰਦਰ ਸਿੰਘ ਬੌਂਸ ਨੇ ਪਹੁੰਚੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਕੇਂਦਰ ਦੀ ਕਿਸਾਨੀ ਪ੍ਰਤੀ ਸੇਵਾਵਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਮੁਹਿੰਮ ਦੇ ਰੂਪ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਖੇਤ ਵਿਚ ਹੀ ਪਰਾਲੀ ਪ੍ਰਬੰਧਨ ਲਈ ਪ੍ਰਦਰਸ਼ਨੀਆਂ ਵੀ ਲਗਾਈਆਂ ਜਾ ਰਹੀਆਂ ਹਨ। ਡਾ. ਬੌਂਸ ਨੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਸ਼ੀਨਰੀ ਦਾ ਸੁਚਾਰੂ ਪ੍ਰਯੋਗ ਕਰਕੇ ਝੋਨੇ ਦੀ ਪਰਾਲੀ ਨੂੰ ਸੰਭਾਲਣ।

ਸਹਿਯੋਗੀ ਪ੍ਰੋ: (ਫ਼ਸਲ ਵਿਗਿਆਨ) ਡਾ. ਗੁਰਪ੍ਰਤਾਪ ਸਿੰਘ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਪਰਾਲੀ ਵਿਚ ਮੌਜੂਦ ਵੱਖ-ਵੱਖ ਤੱਤਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਰਬੀ ਦੀਆਂ ਮੁੱਖ ਫ਼ਸਲਾਂ ਦੀ ਕਾਸ਼ਤ ਬਾਰੇ ਵੀ ਚਾਨਣਾ ਪਾਇਆ। ਪਿੰਡ ਹੁੱਕੜਾਂ ਦੇ ਅਗਾਂਹਵਧੂ ਕਿਸਾਨ  ਗੁਰਪ੍ਰੀਤ ਸਿੰਘ ਅਤੇ ਇਕਬਾਲ ਸਿੰਘ ਵਲੋਂ ਪਿਛਲੇ ਸਾਲ ਦੌਰਾਨ ਸੁਪਰ ਸੀਡਰ ਅਤੇ ਹੈਪੀ ਸੀਡਰ ਦੇ ਪ੍ਰਯੋਗ ਨਾਲ ਪਰਾਲੀ ਪ੍ਰਬੰਧਨ ਕਰਨ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਮਾਹਰਾਂ ਵਲੋਂ ਹਾਜ਼ਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਸੁਪਰ ਸੀਡਰ ਅਤੇ ਹੈਪੀ ਸੀਡਰ ਦੀ ਕਾਰਜਗੁਾਰੀ ਬਾਰੇ ਦੱਸਿਆ ਗਿਆ।

ਅੰਤ ਵਿਚ ਹੁੱਕੜਾਂ ਬਹੁਮੰਤਵੀ ਸਹਿਕਾਰੀ ਸੋਸਾਇਟੀ ਦੇ ਸਕੱਤਰ ਬਲਕਾਰ ਸਿੰਘ ਵਲੋਂ ਆਏ ਮਾਹਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਪਰਾਲੀ ਪ੍ਰਬੰਧਨ ਦੇ ਸੰਦੇਸ਼ ਨੂੰ ਹੋਰ ਕਿਸਾਨਾਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ।

About The Author

Leave a Reply

Your email address will not be published. Required fields are marked *

error: Content is protected !!