ਸੋਨੀ ਵੱਲੋਂ ਡੇਂਗੂ ਦੇ ਟਾਕਰੇ ਹਿੱਤ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਉਣ ਦੇ ਹੁਕਮ

0

ਚੰਡੀਗੜ੍ਹ, 18 ਅਕਤੂਬਰ 2021 : ਪੰਜਾਬ ਰਾਜ ਦੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਸੂਬੇ ਵਿੱਚ ਡੇਂਗੂ ਦੇ ਟਾਕਰੇ ਹਿੱਤ ਡਿਪਟੀ ਕਮਿਸ਼ਨਰਾਂ ਦੀ ਵਿਚ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ।

ਅੱਜ ਇੱਥੇ ਪੰਜਾਬ ਭਵਨ ਵਿਖੇ ਡੇਂਗੂ ਦੇ ਟਾਕਰੇ ਲਈ ਗਠਿਤ ਸਟੇਟ ਟਾਸਕ ਫੋਰਸ ਦੀ ਇੰਟਰ ਸੈਕਟੋਰਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸੋਨੀ ਨੇ ਪੰਜਾਬ ਰਾਜ ਵਿੱਚ ਡੇਂਗੂ ਦੇ ਵੱਧ ਰਹੇ ਖਤਰੇ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜਾ ਲਿਆ ਅਤੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਡੇਂਗੂ ਅਤੇ ਮਲੇਰੀਆਂ ਨੂੰ ਰੋਕਣ ਲਈ ਪੂਰੀ ਜਿੰਮੇਵਾਰੀ ਨਾਲ ਯਤਨ ਕੀਤੇ ਜਾਣ ਤਾਂ ਜੋ ਸੂਬੇ ਦੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਉਹਨਾਂ ਸਥਾਨਕ ਸਰਕਾਰਾਂ ਵਿਭਾਗ ਅਤੇ ਪੰਜਾਬ ਰਾਜ ਪੇਂਡੂ ਵਿਕਾਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਅਤੇ ਮਲੇਰੀਆ ਦੇ ਟਾਕਰੇ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਫੋਗਿੰਗ ਮਸ਼ੀਨਾਂ ਅਤੇ ਹੋਰ ਸਾਜੋ ਸਮਾਨ ਜਲਦ ਤੋਂ ਜਲਦ ਖ਼ਰੀਦੀਆਂ ਜਾਣ।

ਇਸ ਮੌਕੇ ਪੰਜਾਬ ਰਾਜ ਪੇਂਡੂ ਵਿਕਾਸ ਦੇ ਡਾਇਰੈਕਟਰ ਨੇ ਡਿਪਟੀ ਮੁੱਖ ਮੰਤਰੀ ਨੂੰ ਦੱਸਿਆ ਕਿ ਉਹਨਾਂ ਦੇ ਵਿਭਾਗ ਵੱਲੋਂ ਪੰਜਾਬ ਰਾਜ ਦੇ 150 ਬਲਾਕਾਂ ਵਿੱਚ ਨਵੀਆਂ ਫੋਗਿੰਗ ਮਸ਼ੀਨਾਂ ਖਰੀਦਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਹਨਾਂ ਸਥਾਨਕ ਸਰਕਾਰਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸ਼ਾਮ ਸੂਰਜ ਡੁੱਬਣ ਤੋਂ ਬਾਅਦ ਸ਼ਹਿਰਾਂ ਵਿੱਚ ਫੋਗਿੰਗ ਕਰਨ ਦਾ ਕਾਰਜ ਕਰਨ।

ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਰਾਜ ਦੇ 7 ਜ਼ਿਲ੍ਹਿਆਂ ਵਿਚ ਡੇਂਗੂ ਦੇ ਵੱਧ ਕੇਸ ਸਾਹਮਣੇ ਆਏ ਹਨ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਸਥਿਤੀ ਕਾਬੂ ਅਧੀਨ ਹਨ। ਇਸੇ ਤਰ੍ਹਾਂ ਮਲੇਰੀਆਂ ਦੇ ਵੀ ਬਹੁਤ ਘੱਟ ਕੇਸ ਸਾਹਮਣੇ ਆਏ ਹਨ।

ਸ੍ਰੀ ਸੋਨੀ ਨੇ ਪੰਜਾਬ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਅਤੇ ਮਲੇਰੀਆਂ ਰੋਕਣ ਲਈ ਆਪਣੇ ਘਰਾਂ ਵਿੱਚ ਪਾਣੀ ਇੱਕਠਾ ਨਾ ਹੋਣ ਦੇਣ। ਉਹਨਾਂ ਨਾਲ ਹੀ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਬੀਮਾਰ ਹੋਣ ਦੀ ਸਥਿਤੀ ਵਿੱਚ ਤੁਰੰਤ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਡੇਂਗੂ ਅਤੇ ਮਲੇਰੀਆਂ ਸਬੰਧੀ ਟੈਸਟ ਜ਼ਰੂਰ ਕਰਵਾਉਣ। ਸਰਕਾਰੀ ਹਸਪਤਾਲਾਂ ਵਿੱਚ ਇਹ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਭਾਗ ਵੱਲੋਂ ਸੂਬੇ ਦੇ ਲੋਕਾਂ ਨੂੰ ਵਾਜਬ ਕੀਮਤਾਂ ‘ਤੇ ਡੇਂਗੂ ਟੈਸਟ ਕਰਵਾਉਣ ਦੀ ਸੁਵਿਧਾ ਦੇਣ ਲਈ ਨਿੱਜੀ ਹਸਪਤਾਲਾਂ ਅਤੇ ਲੈਬਾਰਟਰੀਆਂ ਵਿੱਚ ਡੇਂਗੂ ਟੈਸਟ ਦੀ ਕੀਮਤ 600 ਰੁਪਏ ਤੈਅ ਕੀਤੀ ਗਈ ਹੈ, ਜਿਸ ਸਬੰਧੀ ਵਿਭਾਗ ਵੱਲੋਂ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।

ਇਸ ਮੀਟਿੰਗ ਵਿੱਚ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਕਾਸ ਗਰਗ, ਸੀ.ਈ.ਓ. ਸਟੇਟ ਹੈਲਥ ਏਜੰਸੀ ਕੁਮਾਰ ਰਾਹੁਲ, ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਮਿਤ ਕੁਮਾਰ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਪੁਨੀਤ ਗੋਇਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਛਤਵਾਲ, ਟਰਾਂਸਪੋਰਟ ਵਿਭਾਗ ਤੋਂ ਰਾਜੀਵ ਪਰਾਸ਼ਰ ਤੋਂ ਇਲਾਵਾ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ, ਪਸ਼ੂ ਪਾਲਣ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਸਕੂਲ ਸਿੱਖਿਆ ਵਿਭਾਗ ਅਤੇ ਕਿਰਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *

error: Content is protected !!