3 ਜੁਲਾਈ ਨੂੰ ਵੱਡੇ ਪੱਧਰ ’ਤੇ ਹੋਵੇਗਾ ਟੀਕਾਕਰਨ, 50 ਹਜ਼ਾਰ ਡੋਜ਼ਾਂ ਲਾਉਣ ਦਾ ਟੀਚਾ : ਅਪਨੀਤ ਰਿਆਤ
-
ਕੋਰੋਨਾ ਦੇ ਕੇਸਾਂ ’ਚ ਕਮੀ ਚੰਗੀ ਗੱਲ ਪਰ ਸਾਵਧਾਨੀਆਂ ਪ੍ਰਤੀ ਰਹੀਏ ਪੂਰੇ ਗੰਭੀਰ
-
ਹਫਤਾਵਰੀ ਫੇਸਬੁੱਕ ਲਾਈਵ ਸੈਸ਼ਨ ’ਚ ਲੋਕਾਂ ਨੂੰ ਦਿੱਤੀ ਕੋਵਿਡ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ
-
ਜ਼ਿਲ੍ਹੇ ’ਚ ਅੱਜ 8 ਪਾਜੀਟਿਵ ਕੇਸ ਅਤੇ ਕੋਰੋਨਾ ਨਾਲ ਇਕ ਮੌਤ
-
ਸਕਿੱਲ ਡਿਵੈਲਪਮੈਂਟ ਸੈਂਟਰਾਂ ਅਤੇ ਯੂਨੀਵਰਸਿਟੀਆਂ ਨੂੰ ਸ਼ਰਤਾਂ ਸਹਿਤ ਖੋਲ੍ਹਣ ਨੂੰ ਪ੍ਰਵਾਨਗੀ
-
ਅਹਾਤੇ, ਪੱਬ ਅਤੇ ਬਾਰਾਂ 50 ਫੀਸਦੀ ਸਮਰੱਥਾ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਤਹਿਤ ਖੁੱਲ੍ਹਣਗੇ
ਹੁਸ਼ਿਆਰਪੁਰ, 30 ਜੂਨ 2021: ਜ਼ਿਲ੍ਹੇ ਅੰਦਰ ਘੱਟ ਰਹੇ ਕੋਵਿਡ ਦੇ ਮਾਮਲਿਆਂ ’ਤੇ ਤਸੱਲੀ ਪ੍ਰਗਟਾਉਂਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਸਾਰੇ ਯੋਗ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 3 ਜੁਲਾਈ ਨੂੰ ਮੈਗਾ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ 3 ਜੁਲਾਈ ਨੂੰ 50 ਹਜ਼ਾਰ ਡੋਜਾਂ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਜਿਸ ਲਈ ਲੋੜੀਂਦੀ ਮਾਤਰਾ ਵਿੱਚ ਕੋਵੀਸ਼ੀਲਡ ਵੈਕਸੀਨ ਉਪਲਬੱਧ ਰਹੇਗੀ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਲੱਗਣ ਵਾਲੇ ਇਨ੍ਹਾਂ ਕੈਂਪਾਂ ਵਾਲੀਆਂ ਸਾਈਟਾਂ ਦੀ ਮੁਕੰਮਲ ਜਾਣਕਾਰੀ ਵੀਰਵਾਰ ਨੂੰ ਲੋਕਾਂ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਤਾਂ ਜੋ 18 ਸਾਲ ਤੋਂ ਉਪਰ ਉਮਰ ਵਰਗ ਵਾਲੇ ਸਾਰੇ ਲਾਭਪਾਤਰੀਆਂ ਭਾਵੇਂ ਕੋਵੀਸ਼ੀਲਡ ਦੀ ਪਹਿਲੀ ਜਾਂ ਦੂਜੀ ਡੋਜ਼ ਵਾਲੇ ਆਪਣਾ ਟੀਕਾਕਰਨ ਕਰਵਾ ਸਕਣ। ਉਨ੍ਹਾਂ ਨੇ ਕੋਵਿਡ ਕੇਸਾਂ ’ਚ ਕਮੀ ਨੂੰ ਚੰਗਾ ਕਰਾਰ ਦਿੰਦਿਆਂ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨਾਲ ਸਬੰਧਤ ਸਲਾਹਕਾਰੀਆਂ ਦੀ ਪਾਲਣਾ ਪ੍ਰਤੀ ਸਾਨੂੰ ਸਾਰਿਆਂ ਨੂੰ ਗੰਭੀਰ ਰਹਿਣਾ ਚਾਹੀਦਾ ਹੈ ਤਾਂ ਜੋ ਇਹ ਵਾਇਰਸ ਮੁੜ ਸਿਰ ਨਾ ਚੁੱਕ ਸਕੇ।
ਆਪਣੇ ਹਫਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜਿਉਂ-ਜਿਉਂ ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਤਿਉਂ-ਤਿਉਂ ਲੋਕਾਂ ਦੀ ਸਹੂਲਤ ਲਈ ਪਾਬੰਦੀਆਂ ਵਿਚ ਛੋਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਜ਼ਿਲ੍ਹੇ ’ਚ ਕੋਰੋਨਾ ਮਾਮਲਿਆਂ ਸਬੰਧੀ ਦੱਸਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ 661843 ਸੈਂਪਲ ਲਏ ਗਏ ਜਿਨ੍ਹਾਂ ’ਚੋਂ 632004 ਨੈਗੇਟਿਵ ਅਤੇ 30443 ਪਾਜੀਟਿਵ ਪਾਏ ਗਏ ਸਨ ਅਤੇ ਮੌਜੂਦਾ ਸਮੇਂ ਜ਼ਿਲ੍ਹੇ ਵਿਚ ਐਕਟਿਵ ਮਰੀਜਾਂ ਦੀ ਗਿਣਤੀ 140 ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 29338 ਮਰੀਜ ਕੋਰੋਨਾ ’ਤੇ ਫਤਿਹ ਪਾ ਕੇ ਤੰਦਰੁਸਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ 8 ਕੇਸ ਪਾਜੀਟਿਵ ਆਏ ਹਨ ਜਦਕਿ ਕੋਵਿਡ ਨਾਲ ਇਕ ਮੌਤ ਹੋਈ ਹੈ। ਇਸੇ ਤਰ੍ਹਾਂ ਜ਼ਿਲ੍ਹ ਵਿਚ 4 ਹਾਟ ਸਪਾਟ ਹਨ ਜਿਨ੍ਹਾਂ ਵਿੱਚ ਚੱਕ ਖੇਲਾ, ਕਪਾਹਟ, ਖਿਆਲਾ ਬੁਲੰਦਾ ਅਤੇ ਪੰਡੋਰੀ ਸੂਮਲਾ ਸ਼ਾਮਲ ਹਨ।
ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ 10 ਜੁਲਾਈ ਤੱਕ ਜਾਰੀ ਕੀਤਪਾਬੰਦੀਆਂ ਅਤੇ ਛੋਟਾਂ ਦੇ ਹੁਕਮਾਂ ਦੀ ਲਗਾਤਾਰਤਾ ਵਿਚ ਡਿਪਟੀ ਕਮਿਸ਼ਨਰ ਨੇ ਹੁਨਰ ਵਿਕਾਸ ਕੇਂਦਰਾਂ ਅਤੇ ਯੂਨੀਵਰਸਿਟੀਆਂ ਨੂੰ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਕੋਵਿਡ ਵੈਕਸੀਨ ਦੀ ਇਕ ਡੋਜ਼ ਲੁਆਉਣ ਦੀ ਸ਼ਰਤ ਨਾਲ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਬਾਰ, ਪੱਬ ਅਤੇ ਅਹਾਤੇ ਵੀ 50 ਫੀਸਦੀ ਸਮਰੱਥਾ ਅਤੇ ਕੋਵਿਡ ਪ੍ਰੋਟੋਕੋਲ ਜਿਵੇਂ ਕਿ ਸੋਸ਼ਲ ਡਿਸਟੈਂਸਿੰਗ ਅਤੇ ਸਾਰੇ ਸਟਾਫ਼ ਮੈਂਬਰਾਂ ਤੇ ਵੇਟਰਾਂ ਦੇ ਘੱਟੋ-ਘੱਟ ਵੈਕਸੀਨ ਦੀ ਇਕ ਡੋਜ਼ ਜ਼ਰੂਰ ਲੱਗੀ ਹੋਵੇ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।