ਸੱਚ ਲਈ ਲੜਨ ਵਾਸਤੇ ਪ੍ਰੇਰਦੀ ਹੈ ਰਾਮ ਲੀਲਾ : ਵਿਧਾਇਕ ਨਾਗਰਾ
ਫ਼ਤਹਿਗੜ੍ਹ ਸਾਹਿਬ, 15 ਅਕਤੂਬਰ 2021 : ਪਿੰਡ ਚਨਾਰਥਲ ਕਲਾਂ ਵਿਖੇ ਰਾਮਲੀਲਾ ਹੁੰਦੀ ਨੂੰ 159 ਸਾਲ ਹੋ ਚੁੱਕੇ ਹਨ ਤੇ ਇਥੇ 100 ਸਾਲ ਤੋਂ ਵੱਧ ਪੁਰਾਣੀ ਰਿਵਾਇਤ ਮੁਤਾਬਕ ਦਸਹਿਰਾ ਵੀ ਬਾਕੀ ਸਭ ਥਾਵਾਂ ਨਾਲੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਇਥੇ 160 ਵੀਂ ਰਾਮ ਲੀਲਾ ਦੇ 09ਵੇ ਦਿਨ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਰਾਮ ਲੀਲਾ ਸਾਨੂੰ ਸੱਚ ਖਾਤਰ ਲੜਨ ਲਈ ਪ੍ਰੇਰਦੀ ਹੈ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾਂ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਸੱਚ ਦਾ ਰਾਹ ਭਾਵੇਂ ਔਖਾ ਹੋਵੇ ਪਰ ਅੰਤ ਨੂੰ ਜਿੱਤ ਸੱਚ ਦੀ ਹੁੰਦੀ ਹੈ।
ਵਿਧਾਇਕ ਨਾਗਰਾ ਨੇ ਕਿਹਾ ਕਿ ਭਾਰਤ ਦੇ ਮਹਾਨ ਸੱਭਿਆਚਾਰਕ ਤੇ ਧਾਰਮਿਕ ਆਦਰਸ਼ਾਂ ਸਦਕਾ ਹੀ ਭਾਰਤ ਦੇ ਲੋਕ ਹੱਕ ਸੱਚ ਲਈ ਜੂਝਦੇ ਰਹੇ ਹਨ ਤੇ ਜੂਝਦੇ ਰਹਿਣਗੇ ਤੇ ਕਦੇ ਵੀ ਕਿਸੇ ਵੀ ਕਿਸਮ ਦੀ ਵਧੀਕੀ ਜਾਂ ਆਪਣੇ ਹੱਕਾਂ ਉਤੇ ਡਾਕਾ ਬਰਦਾਸ਼ਤ ਨਹੀਂ ਕਰਨਗੇ।
ਉਹਨਾਂ ਕਿਹਾ ਕਿ ਜਿਵੇਂ ਭਗਵਾਨ ਸ੍ਰੀ ਰਾਮ ਨੇ ਰਾਵਣ ਨੂੰ ਮਾਤ ਦਿੱਤੀ ਤੇ ਉਨ੍ਹਾਂ ਦੀ ਜਿੱਤ ਬੁਰਾਈ ਉਤੇ ਨੇਕੀ ਦੀ ਜਿੱਤ ਬਣੀ, ਉਸੇ ਤਰ੍ਹਾਂ ਸਾਨੂੰ ਆਪਣੇ ਜੀਵਨ ਵਿੱਚ ਹਰ ਪਲ ਬੁਰਾਈ ਖਿਲਾਫ ਡਟੇ ਰਹਿਣਾ ਚਾਹੀਦਾ ਹੈ। ਕਦੇ ਵੀ ਕਿਸੇ ਦੇ ਹੱਕ ਨਹੀਂ ਮਾਰਨੇ ਚਾਹੀਦੇ ਤੇ ਨਾ ਹੀ ਆਪਣੇ ਹੱਕ ਲੈਣ ਤੋਂ ਕਦੇ ਪਿੱਛੇ ਹਟਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰਾਮ ਲੀਲਾ ਸਾਨੂੰ ਪ੍ਰੇਰਨਾ ਦਿੰਦੀ ਹੈ ਕਿ ਚਾਹੇ ਸਾਨੂੰ ਜ਼ਿੰਦਗੀ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆਉਣ, ਉਨ੍ਹਾਂ ਤੋਂ ਘਰਾਉਣਾ ਕਦੇ ਵੀ ਨਹੀਂ ਤੇ ਸੱਚ ਦਾ ਸਾਥ ਨਹੀਂ ਛੱਡਣਾ।
ਇਸ ਦੌਰਾਨ ਰਾਮਲੀਲਾ ਕਮੇਟੀ ਵੱਲੋ ਵਿਧਾਇਕ ਨਾਗਰਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਰਕਿਟ ਕਮੇਟੀ ਚਨਾਰਥਲ ਦੇ ਵਾਈਸ ਚੇਅਰਮੈਨ ਇੰਦਰਪਾਲ ਸਿੰਘ,ਸਰਪੰਚ ਜਗਦੀਪ ਸਿੰਘ ਨੰਬਰਦਾਰ,ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ, ਠੇਕੇਦਾਰ ਅਵਤਾਰ ਸਿੰਘ, ਗੁਰਸੇਵਕ ਸਿੰਘ ਸੋਨੀ,ਕਰਮਜੀਤ ਸਿੰਘ,ਰਣਜੀਤ ਸਿੰਘ ਸਾਰੇ ਪੰਚ,ਕ੍ਰਿਸ਼ਨ ਲਾਲ,ਠੇਕੇਦਾਰ ਸਵਰਨਦੀਪ ਸਿੰਘ,ਕੁਲਵੰਤ ਸਿੰਘ ਬਿੱਰੂ,ਮਾਸਟਰ ਕੁਲਵੰਤ ਸਿੰਘ,ਕਮੇਟੀ ਮੈਂਬਰ ਸੀਨੀਅਰ ਮੀਤ ਪ੍ਰਧਾਨ ਜੱਗਾ ਸਿੰਘ,ਸਟੇਜ ਸਕੱਤਰ ਹਰਮਿੰਦਰ ਸਿੰਘ ਪੱਪੂ, ਰੂਪ ਚੰਦ,ਮੇਲਾ ਸੰਜੀਵ ਕੁਮਾਰ ਬਾਟਿਸ਼,ਸੰਜੇ ਕੁਮਾਰ,ਗੁਰਪ੍ਰੀਤ ਸਿੰਘ,ਹੰਸ ਰਾਜ,ਯਾਦਵਿੰਦਰ ਸਿੰਘ,ਰਵੀ ਸਿੰਘ,ਚੰਦਨ ਕੇਸ਼ਵ,ਗੁਰਮੇਲ ਸਿੰਘ ਆਦਿ ਹਾਜ਼ਰ ਸਨ।