ਲੁਧਿਆਣਾ, 14 ਅਕਤੂਬਰ 2021 : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਤਾ ਮਿਤੀ 01-01-2022 ਦੇ ਆਧਾਰ ‘ਤੇ ਜਿਨ੍ਹਾਂ ਵਿਅਕਤੀਆਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਨ੍ਹਾਂ ਦੀ ਵੋਟ ਨਹੀਂ ਬਣੀ (ਭਾਵੇਂ ਉਹ ਟ੍ਰਾਂਸਜੈਂਡਰ, ਦਿਵਿਆਂਗ, ਭਾਰਤੀ ਪਾਸਪੋਰਟ ਧਾਰਕ ਐਨ.ਆਰ.ਆਈ., ਮਾਈਗ੍ਰੇਂਟ ਲੇਬਰ, ਨੌਜਵਾਨ ਹੋਣ) ਤਾਂ ਉਹ ਆਪਣੀ ਵੋਟ ਬਣਾ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਵੀਜ਼ਨ ਦਾ ਪ੍ਰੋਗਰਾਮ 01-11-2021 ਤੋ ਮਿਤੀ 30-11-2021 ਤੱਕ ਸੁਰੂ ਕੀਤਾ ਜਾਣਾ ਹੈ ਅਤੇ ਪ੍ਰੋਗਰਾਮ ਅਨੁਸਾਰ ਨਿਸ਼ਚਿਤ ਮਿਤੀਆਂ 06-11-2021 (ਦਿਨ ਸ਼ਨੀਵਾਰ), 07-11-2021 (ਦਿਨ ਐਤਵਾਰ) ਅਤੇ ਮਿਤੀ 20-11-2021 (ਦਿਨ ਸ਼ਨੀਵਾਰ), 21-11-2021 (ਦਿਨ ਐਤਵਾਰ) ਨੂੰ ਸਪੈਸ਼ਲ ਕੈਂਪ ਦੌਰਾਨ ਬੂਥ ਲੈਵਲ ਅਫ਼ਸਰਾਂ ਵੱਲੋਂ ਸਵੇਰੇ 09 ਵਜੇ ਤੋਂ ਸ਼ਾਮ 05 ਵਜੇ ਤੱਕ ਆਪਣੇ ਬੂਥਾਂ ‘ਤੇ ਬੈਠ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ‘ਚ ਲਿਆ ਹੋਇਆ ਸੀ, ਜਿਸ ਤੋਂ ਹੁਣ ਕਾਫੀ ਹੱਦ ਤੱਕ ਰਾਹਤ ਮਿਲੀ ਹੈ ਪਰ ਭੀੜ ‘ਚ ਜਾਣ ਤੋਂ ਪ੍ਰਹੇਜ ਰੱਖਦਿਆਂ, ਯੋਗ ਵਿਅਕਤੀ ਆਪਣੀ ਵੋਟ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in‘ ‘ਤੇ ਜਾ ਕੇ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਦੇ ਵੇਰਵੇ ਵੋਟਰ ਸੂਚੀ ਵਿੱਚ ਗਲਤ ਹਨ (ਜਿਵੇਂ ਆਪਣਾ/ਪਿਤਾ ਦਾ ਨਾਮ, ਉਮਰ, ਪਤਾ, ਲਿੰਗ ਆਦਿ) ਤਾਂ ਉਹ ਵੋਟਰ ਵੀ ਉਪਰੋਕਤ ਵੈਬਸਾਈਟ ‘ਤੇ ਆਨਲਾਈਨ ਫਾਰਮ ਭਰਕੇ ਦਰੁੱਸਤ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਯੋਗ ਵਿਅਕਤੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਾਉਣ ਲਈ ਫਾਰਮ ਨੰਬਰ-6, ਵੋਟ ਕਟਾਉਣ ਲਈ ਫਾਰਮ ਨੰਬਰ-7 ਅਤੇ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਵਿੱਚ ਕਿਸੇ ਕਿਸਮ ਦੀ ਸੋਧ ਕਰਾਉਣ ਲਈ ਫਾਰਮ ਨੰਬਰ-8 ਭਰ ਕੇ ਦੇ ਸਕਦਾ ਹੈ।
ਦਾਅਵੇ ਅਤੇ ਇਤਰਾਜ਼ ਨਾਲ ਸੰਬੰਧਤ ਫਾਰਮ (ਫਾਰਮ ਨੰਬਰ-6, 6ਏ, 7, 8, 8ਏ) ਬੀ.ਐਲ.ਓ./ਚੋਣ ਰਜਿਸਟ੍ਰੇਸ਼ਨ ਅਫ਼ਸਰ/ਜ਼ਿਲ੍ਹਾ ਚੋਣ ਅਫ਼ਸਰ ਕੋਲੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਫਾਰਮ ਉਕਤ ਵੈਬਸਾਈਟ ‘ਤੇ ਵੀ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗ ਵੋਟਰ ਆਨਲਾਈਨ ਨਵੀਂ ਵੋਟ ਅਪਲਾਈ ਕਰਦੇ ਸਮੇਂ ਫਾਰਮ ਵਿੱਚ ਆਪਣੀ PwD ਕੈਟਾਗਰੀ ਦੀ Option ਜ਼ਰੂਰ ਭਰਨ ਤਾਂ ਜੋ ਚੋਣਾਂ ਸਮੇਂ ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀ ਵੋਟਰ ਹੈਲਪਲਾਈਨ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਉਪਰੋਕਤ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 ‘ਤੇ ਵੀ ਤਾਲਮੇਲ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਹਰ ਨਾਗਰਿਕ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਵੋਟ ਜ਼ਰੂਰ ਬਣਾਵੇ ਅਤੇ ਇਸ ਦਾ ਲਾਜ਼ਮੀ ਤਰੀਕੇ ਨਾਲ ਇਸਤੇਮਾਲ ਕਰਕੇ ਦੇਸ਼ ਦੇ ਮਜ਼ਬੂਤ ਲੋਕਤੰਤਰ ਵਿੱਚ ਆਪਣਾ ਹਿੱਸਾ ਪਾਵੇ। ਇਸ ਲਈ ਉਨ੍ਹਾਂ ਦੋਬਾਰਾ ਅਪੀਲ ਕੀਤੀ ਕਿ ਜ਼ਿਨ੍ਹਾਂ ਨਾਗਿਰਕਾਂ ਦੀ ਵੋਟ ਨਹੀਂ ਬਣੀ, ਉਹ ਆਪਣੀ ਵੋਟ ਜ਼ਰੂਰ ਬਣਾਉਣ।
About The Author