ਹੁਸ਼ਿਆਰਪੁਰ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਚ ਨਹੀਂ ਛੱਡੀ ਜਾ ਰਹੀ ਕੋਈ ਕਮੀ : ਸੁੰਦਰ ਸ਼ਾਮ ਅਰੋੜਾ
ਹੁਸ਼ਿਆਰਪੁਰ, 07 ਅਕਤੂਬਰ 2021 : ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ ਵਿਚ ਸੜਕਾਂ ਤੇ ਗਲੀਆਂ ਦੇ ਨਿਰਮਾਣ ਦੇ ਨਾਲ-ਨਾਲ ਪਿੰਡਾਂ ਵਿਚ ਵੀ ਸੜਕਾਂ ਦਾ ਨਿਰਮਾਣ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ। ਉਹ ਮੁਹੱਲਾ ਬੁਲਾਂਵਾੜੀ ਤੋਂ ਬਜਵਾੜਾ ਬਾਈਪਾਸ ਨੂੰ ਮਿਲਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ।
ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ 60 ਲੱਖ ਰੁਪਏ ਦੀ ਲਾਗਤ ਨਾਲ 1.40 ਕਿਲੋਮੀਟਰ ਲੰਬੀ ਸੜਕ ਬਣਾਈ ਜਾ ਰਹੀ ਹੈ, ਜਿਸ ਦੀ ਚੌੜਾਈ 27 ਫੁੱਟ ਹੋਵੇਗੀ। ਉਨ੍ਹਾਂ ਕਿਹਾ ਕਿ ਬੁਲਾਂਵਾੜੀ ਮੁਹੱਲੇ ਤੋਂ ਲੈ ਕੇ ਬਜਵਾੜਾ ਨਾਲ ਲੱਗਣ ਵਾਲੇ ਕਈ ਪਿੰਡਾਂ ਨੂੰ ਸੜਕ ਤੋਂ ਲਾਭ ਮਿਲੇਗਾ। ਇਸ ਤੋਂ ਇਲਾਵਾ ਇਸ ਸੜਕ ’ਤੇ ਨਵੇਂ ਜੁਡੀਸ਼ੀਅਲ ਕੋਰਟ ਕੰਪਲੇਕਸ ਦਾ ਵੀ ਨਿਰਮਾਣਾ ਹੋ ਰਿਹਾ ਹੈ, ਜੋ ਕਿ ਜਲਦ ਹੀ ਪੂਰਾ ਹੋ ਜਾਵੇਗਾ। ਇਸ ਤਰ੍ਹਾਂ ਕੋਰਟ ਕੰਪਲੈਕਸ ਆਉਣ ਵਾਲਿਆਂ ਨੂੰ ਸੜਕ ਨਿਰਮਾਣ ਨਾਲ ਫਾਇਦਾ ਹੋਵੇਗਾ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ ’ਤੇ ਪਹਿਲੇ ਦਿਨ ਤੋਂ ਹੁਸ਼ਿਆਰਪੁਰ ਵਿਚ ਵਿਕਾਸ ਕੰਮਾਂ ਦੀ ਸ਼ੁਰੂਆਤ ਹੋ ਗਈ ਸੀ ਜੋ ਕਿ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਤੱਕ ਲਗਾਤਾਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਲੈ ਕੇ ਗੰਭੀਰ ਹੈ ਅਤੇ ਜੰਗੀ ਪੱਧਰ ’ਤੇ ਵਿਕਾਸ ਕਾਰਜ ਵੀ ਕਰਵਾਏ ਜਾ ਰਹੇ ਹਨ।
ਇਸ ਮੌਕੇ ਕੌਂਸਲਰ ਪਰਮਜੀਤ ਕੌਰ, ਸਾਬਕਾ ਕੌਂਸਲਰ ਸੁਰੇਸ਼ ਕੁਮਾਰ, ਬਖਸ਼ੀਸ਼ ਕੌਰ, ਜਗੀਰ ਸਿੰਘ, ਰੂਪ ਲਾਲ, ਕਰਮ ਚੰਦ, ਸਤਪਾਲ ਭੱਟੀ, ਦਿਆਲ ਸਿੰਘ, ਸੁਮਨ, ਐਸ.ਡੀ.ਓ. ਲੋਕ ਨਿਰਮਾਣ ਵਿਭਾਗ ਗੁਰਮੀਤ ਸਿੰਘ ਵੀ ਮੌਜੂਦ ਸਨ।