ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਦੀ ਪਟਿਆਲਾ ਇਕਾਈ ਨੇ ਮਨਾਇਆ ਵਿਸ਼ਵ ਆਰਕੀਟੈਕਚਰ ਦਿਵਸ
ਪਟਿਆਲਾ, 7 ਅਕਤੂਬਰ 2021 : ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈ.ਆਈ.ਏ) ਪਟਿਆਲਾ ਸਬ-ਸੈਂਟਰ ਵੱਲੋਂ ਦੀ ਫਾਊਟੈਨ ਹੈਡ ਛੋਟੀ ਬਾਰਾਂਦਰੀ ਵਿਖੇ ਵਿਸ਼ਵ ਆਰਕੀਟੈਕਚਰ ਦਿਵਸ ਮਨਾਇਆ ਗਿਆ। ‘ਸਿਹਤਮੰਦ ਸੰਸਾਰ ਲਈ ਸਾਫ਼ ਵਾਤਾਵਰਣ’ ਥੀਮ ਹੇਠ ਮਨਾਏ ਗਏ ਵਿਸ਼ਵ ਆਰਕੀਟੈਕਚਰ ਦਿਵਸ ਮੌਕੇ ਆਈ.ਆਈ.ਏ ਪਟਿਆਲਾ ਦੇ ਚੇਅਰਮੈਨ ਆਰਕੀਟੈਕਟ ਰਜਿੰਦਰ ਸਿੰਘ ਨੇ ਵਿਸ਼ਵ ਆਰਕੀਟੈਕਚਰ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਇਸ ਸਾਲ ਆਰਕੀਟੈਕਚਰ ਦਿਵਸ ਨੂੰ ਵਾਤਾਵਰਣ ਨਾਲ ਜੋੜਕੇ ਮਨਾਇਆ ਗਿਆ ਹੈ ਤਾਂ ਜੋ ਵਿਸ਼ਵ ਪੱਧਰ ‘ਤੇ ਵਾਤਾਵਰਣ ‘ਚ ਆਈਆਂ ਤਬਦੀਲੀ ਕਾਰਨ ਮਨੁੱਖ ਤੇ ਜੀਵ ਜੰਤੂਆਂ ‘ਤੇ ਪੈਂਦੇ ਮਾੜੇ ਪ੍ਰਭਾਵਾਂ ਪ੍ਰਤੀ ਆਮ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ।
ਇਸ ਮੌਕੇ ਆਰਕੀਟੈਕਟ ਐਲ.ਆਰ. ਗੁਪਤਾ ਨੇ ਵਿਸ਼ਵ ਆਰਕੀਟੈਕਚਰ ਦਿਵਸ ਦੇ ਇਤਿਹਾਸ ਤੇ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਆਖਿਆ ਕਿ 1985 ਤੋਂ ਮਨਾਏ ਜਾ ਰਹੇ ਇਸ ਦਿਨ ਦਾ ਮੁੱਖ ਮਕਸਦ ਹਰੇਕ ਨਾਗਰਿਕ ਨੂੰ ਰਹਿਣ ਲਈ ਛੱਤ ਉਪਲਬਧ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸਾਫ਼ ਵਾਤਾਵਰਣ ਤੇ ਸਿਹਤਮੰਦ ਸੰਸਾਰ ਦੇ ਵਿਸ਼ੇ ਨਾਲ ਮਨਾਏ ਜਾ ਰਹੇ ਇਸ ਦਿਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਜਦੋਂ ਅਸੀ ਕੋਵਿਡ ਵਰਗੀ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹੋਈਏ।
ਸਮਾਗਮ ਦੌਰਾਨ ਸ੍ਰੀਮਤੀ ਇੰਦੂ ਅਰੋੜਾ ਨੇ ਕਿਹਾ ਕਿ ਸੰਸਾਰ ‘ਚ 1.6 ਬਿਲੀਅਨ ਲੋਕ ਘਰਾਂ ਦੀ ਘਾਟ ਤੋਂ ਜੂਝ ਰਹੇ ਹਨ ਤੇ ਇਹ ਅੰਕੜਾ 2030 ਤੱਕ ਕੁੱਲ ਆਬਾਦੀ ਦੇ 40 ਫ਼ੀਸਦੀ ਤੱਕ ਪਹੁੰਚ ਜਾਵੇਗਾ ਜੋ ਕਿ ਚਿੰਤਾ ਦਾ ਵਿਸ਼ਾ ਹੈ ਤੇ ਇਸ ਦੇ ਹੱਲ ਲਈ ਸਮੂਹਿਕ ਤੌਰ ‘ਤੇ ਹੰਭਲਾ ਮਾਰਨ ਦੀ ਜ਼ਰੂਰਤ ਹੈ।
ਸਮਾਗਮ ਦੌਰਾਨ ਆਰ. ਪੀ.ਪੀ.ਐਸ ਆਹਲੂਵਾਲੀਆ, ਆਰ. ਰਾਕੇਸ਼ ਅਰੋੜਾ, ਆਰ. ਸੁਖਪ੍ਰੀਤ ਚੰਨੀ, ਆਰ. ਸੰਗੀਤਾ ਗੋਇਲ, ਰੋਹਿਨੀ ਸੰਧੂ, ਆਰ. ਅਰਸ਼ਈਨ ਤੇ ਆਰ. ਮਨੀਸ਼ ਸ਼ਰਮਾ ਵੀ ਹਾਜ਼ਰ ਸਨ।