ਛੋਟੇ ਬੱਸ ਆਪ੍ਰੇਟਰਾਂ ਦੀ ਮੰਗ ‘ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਪਾਰਦਰਸ਼ੀ ਸਮਾਂ ਸਾਰਣੀ ਲਾਗੂ ਕਰਨ ਦਾ ਭਰੋਸਾ

0

ਚੰਡੀਗੜ੍ਹ, 06 ਅਕਤੂਬਰ 2021 : ਪੰਜਾਬ ਦੇ ਸਮੂਹ ਛੋਟੇ ਪ੍ਰਾਈਵੇਟ ਬੱਸ ਆਪ੍ਰੇਟਰਾਂ, ਟੂਰਿਸਟ, ਮਿੰਨੀ ਤੇ ਸਕੂਲ ਬੱਸ ਆਪ੍ਰੇਟਰਾਂ ਅਤੇ ਟੈਕਸੀ ਯੂਨੀਅਨਾਂ ਨੇ ਅੱਜ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੀਟਿੰਗਾਂ ਦੇ ਲੰਮੇ ਦੌਰ ਵਿੱਢ ਕੇ ਜਿੱਥੇ ਕੋਵਿਡ-19 ਦੇ ਸਮੇਂ ਦੌਰਾਨ ਟੈਕਸਾਂ ਤੋਂ ਛੋਟ ਦੀ ਮੰਗ ਕੀਤੀ, ਉਥੇ ਬੱਸ ਮਾਲਕਾਂ ਨੇ ਸੂਬੇ ਵਿੱਚ ਚੱਲ ਰਹੀ ਬੱਸਾਂ ਦੀ ਸਮਾਂ ਸਾਰਣੀ ਨੂੰ ਦਰੁਸਤ ਕਰਨ ਦੀ ਜ਼ੋਰਦਾਰ ਮੰਗ ਰੱਖੀ, ਜਿਸ ‘ਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਪਾਰਦਰਸ਼ੀ ਤੇ ਢੁਕਵੀਂ ਸਮਾਂ ਸਾਰਣੀ ਬਣਾਈ ਜਾਵੇਗੀ।

ਇਥੇ ਪੰਜਾਬ ਭਵਨ ਵਿਖੇ ਫ਼ਰੀਦਕੋਟ ਤੋਂ ਵਿਧਾਇਕ ਸ੍ਰੀ ਕੁਸ਼ਲਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਿਲੇ ਛੋਟੇ ਬੱਸ ਆਪ੍ਰੇਟਰਾਂ ਨਾਲ ਮੀਟਿੰਗ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਭਲੀਭਾਂਤ ਜਾਣੂ ਹਨ ਕਿ ਛੋਟੀ ਬੱਸ ਸਨਅਤ ਨਾਲ ਡੇਢ ਲੱਖ ਤੋਂ ਵੱਧ ਵਿਅਕਤੀਆਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ ਅਤੇ ਸੂਬੇ ਵਿੱਚ ਕਰੀਬ 90 ਫ਼ੀਸਦੀ ਗਿਣਤੀ ਛੋਟੇ ਬੱਸ ਆਪ੍ਰੇਟਰਾਂ ਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬੱਸ ਸਨਅਤ ਨਾਲ ਜੁੜੇ ਵੱਡੇ ਮਾਫ਼ੀਆ ਨੂੰ ਕਰੜੇ ਹੱਥੀਂ ਨੱਥ ਪਾਈ ਜਾਵੇਗੀ, ਉਥੇ ਛੋਟੀ ਬੱਸ ਸਨਅਤ ਨੂੰ ਵੀ ਮਰਨ ਨਹੀਂ ਦਿੱਤਾ ਜਾਵੇਗਾ।

ਟਰਾਂਸਪੋਰਟ ਮੰਤਰੀ ਨੇ ਬੱਸ ਆਪ੍ਰੇਟਰਾਂ ਦੀ ਕੋਵਿਡ ਦੌਰਾਨ ਟੈਕਸ ਤੋਂ ਛੋਟ ਦੀ ਮੰਗ ਬਾਰੇ ਕਿਹਾ ਕਿ ਵਿਭਾਗ ਵੱਲੋਂ ਅਗਲੇ ਕੁੱਝ ਦਿਨਾਂ ਵਿੱਚ ਟੈਕਸ ਮੁਆਫ਼ੀ ਲਈ ਕਿਲੋਮੀਟਰ ਵਾਰ ਸਕੀਮ ਉਲੀਕੀ ਜਾਵੇਗੀ ਅਤੇ ਇਸ ਦੇ ਨਾਲ-ਨਾਲ ਵਿਭਾਗ ਵੱਲੋਂ ਅਮਨੈਸਟੀ ਸਕੀਮ ਵਿੱਚ ਵੀ 31 ਮਾਰਚ, 2022 ਤੱਕ ਵਾਧਾ ਕਰਨ ਸਬੰਧੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਬੱਸ ਆਪ੍ਰੇਟਰਾਂ ਨੂੰ ਸੁਚੇਤ ਕੀਤਾ ਕਿ ਟੈਕਸਾਂ ਤੋਂ ਡਿਫ਼ਾਲਟਰ ਬੱਸ ਆਪ੍ਰੇਟਰਾਂ ਨੂੰ ਕੋਵਿਡ ਤੋਂ ਪਹਿਲਾਂ ਦੇ ਸਮੇਂ ਦੇ ਟੈਕਸ ਹਰ ਹਾਲ ਵਿੱਚ ਭਰਨੇ ਪੈਣਗੇ। ਟੈਕਸ ਨਾ ਭਰਨ ਵਾਲਿਆਂ ਨੂੰ ਅਮਨੈਸਟੀ ਸਕੀਮ `ਚ ਵਾਧੇ ਦਾ ਲਾਹਾ ਨਹੀਂ ਦਿੱਤਾ ਜਾਵੇਗਾ।

ਵਿਧਾਇਕ ਸ. ਢਿੱਲੋਂ ਨੇ ਬੱਸ ਆਪ੍ਰੇਟਰਾਂ ਦੀਆਂ ਮੰਗਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸੂਬੇ ਵਿੱਚ ਛੋਟੇ ਬੱਸ ਆਪ੍ਰੇਟਰਾਂ ਦੀ ਗਿਣਤੀ ਜ਼ਿਆਦਾ ਹੈ, ਜਿਨ੍ਹਾਂ ਦਾ ਵੱਡਾ ਮਾਫ਼ੀਆ ਨਿਰੰਤਰ ਸ਼ੋਸ਼ਣ ਕਰਦਾ ਰਿਹਾ ਹੈ ਇਸ ਲਈ ਛੋਟੇ ਬੱਸ ਆਪ੍ਰੇਟਰਾਂ ਨੂੰ ਵੀ ਵੱਡੇ ਬੱਸ ਆਪ੍ਰੇਟਰਾਂ ਵਾਂਗ ਇਸ ਕਿੱਤੇ ਵਿੱਚ ਬਰਾਬਰ ਦਾ ਮੌਕਾ ਦਿੱਤਾ ਜਾਵੇਗਾ।

ਟਰਾਂਸਪੋਰਟ ਮੰਤਰੀ ਨੇ ਪ੍ਰਾਈਵੇਟ ਬੱਸ ਆਪ੍ਰੇਟਰਾਂ, ਮਿੰਨੀ ਤੇ ਟੂਰਿਸਟ ਬੱਸ ਆਪ੍ਰੇਟਰ ਯੂਨੀਅਨਾਂ, ਸਕੂਲ ਬੱਸ ਆਪ੍ਰੇਟਰਾਂ ਅਤੇ ਟੈਕਸੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਤਿੰਨ ਮੈਂਬਰੀ ਕਮੇਟੀਆਂ ਬਣਾਉਣ ਲਈ ਕਿਹਾ ਤਾਂ ਜੋ ਘੱਟ ਸਮੇਂ ਵਿੱਚ ਮੰਗਾਂ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਸਮੂਹ ਯੂਨੀਅਨਾਂ ਨੂੰ ਭਰੋਸਾ ਦਿਵਾਇਆ ਕਿ ਕੋਵਿਡ ਦੇ ਅਣਸੁਖਾਵੇਂ ਸਮੇਂ ਦੌਰਾਨ ਜਿਥੇ ਪੂਰੇ ਵਿਸ਼ਵ ਵਿੱਚ ਅਰਥਚਾਰੇ ਨੂੰ ਨੁਕਸਾਨ ਪਹੁੰਚਿਆ, ਉਥੇ ਹਰ ਵਰਗ ਨੂੰ ਨੁਕਸਾਨ ਝੱਲਣਾ ਪਿਆ ਹੈ। ਇਸ ਪੱਖ `ਤੇ ਵਿਚਾਰ ਕਰਦਿਆਂ ਸਰਕਾਰ ਆਵਾਜਾਈ ਸੇਵਾਵਾਂ ਨਾਲ ਜੁੜੇ ਸਾਰੇ ਵਰਗਾਂ ਨੂੰ ਰਿਆਇਤ ਦੇਣ ‘ਤੇ ਵਿਚਾਰ ਕਰੇਗੀ।

ਮੀਟਿੰਗ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ ਸਮੇਤ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦੇ ਹਾਜ਼ਰ ਸਨ।

ਰਾਜਾ ਵੜਿੰਗ ਵੱਲੋਂ ਟਾਟਾ ਮੋਟਰਜ਼ ਨੂੰ 10 ਨਵੰਬਰ ਤੱਕ ਹਰ ਹੀਲੇ 842 ਬੱਸ ਚਾਸੀਆਂ ਮੁਹੱਈਆ ਕਰਾਉਣ ਦੀ ਹਦਾਇਤ

ਕੰਪਨੀ ਦੇ ਨੁਮਾਇੰਦਿਆਂ ਨੇ ਮੰਤਰੀ ਨੂੰ ਸੌਂਪਿਆ ਸਹਿਮਤੀ ਪੱਤਰ

ਚੰਡੀਗੜ੍ਹ :

ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਟਾਟਾ ਮੋਟਰਜ਼ ਦੇ ਨੁਮਾਇੰਦਿਆਂ ਨਾਲ ਹੰਗਾਮੀ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਉਹ ਹਰ ਹੀਲੇ 10 ਨਵੰਬਰ ਤੱਕ ਸੂਬੇ ਵਿੱਚ ਸਾਰੀਆਂ 842 ਬੱਸ ਚਾਸੀਆਂ ਪੁੱਜਦੀਆਂ ਕਰਨ।

ਪੰਜਾਬ ਭਵਨ ਵਿਖੇ ਟਾਟਾ ਮੋਟਰਜ਼ ਦੇ ਸੀਨੀਅਰ ਮੈਨੇਜਰ ਸ੍ਰੀ ਰਾਮ ਵਿਲਾਸ ਅਤੇ ਡਿਪਟੀ ਜਨਰਲ ਮੈਨੇਜਰ ਸ੍ਰੀ ਵਿਕਾਸ ਕੁਮਾਰ ਨਾਲ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਕਤੂਬਰ ਤੋਂ ਪੜਾਅ ਵਾਰ ਚਾਸੀਆਂ ਭੇਜੀਆਂ ਜਾਣ ਅਤੇ ਇਹ ਕਾਰਵਾਈ 10 ਨਵੰਬਰ ਤੱਕ ਚੈਸੀਆਂ ਦੀ ਡਿਲੀਵਰੀ ਯਕੀਨੀ ਬਣਾਉਣ। ਕੰਪਨੀ ਦੇ ਨੁਮਾਇੰਦਿਆਂ ਨੇ ਰਾਜਾ ਵੜਿੰਗ ਨੂੰ ਸਹਿਮਤੀ ਪੱਤਰ ਸੌਂਪ ਕੇ 842 ਚਾਸੀਆਂ ਮਿੱਥੇ ਸਮੇਂ ਮੁਤਾਬਕ ਮੁਹੱਈਆ ਕਰਾਉਣ ਲਈ ਕਿਹਾ।

About The Author

Leave a Reply

Your email address will not be published. Required fields are marked *

You may have missed