ਇਸ ਵਾਰ ਹੋਵੇਗੀ ਡਿਜੀਟਲ ਜਨਗਣਨਾ : ਡਾ. ਅਭਿਸ਼ੇਕ ਜੈਨ

0

ਹੁਸ਼ਿਆਰਪੁਰ, 06 ਅਕਤੂਬਰ 2021 : ਭਾਰਤ ਸਰਕਾਰ ਵਲੋਂ ਆਗਾਮੀ ਜਨਗਣਨਾ ਦੇ ਮੱਦੇਨਜ਼ਰ ਪੰਜਾਬ ਲਈ ਨਿਯੁਕਤ ਡਾਇਰੈਕਟਰ ਜਨਗਣਨਾ ਓਪਰੇਸ਼ਨਜ਼ ਡਾ. ਅਭਿਸ਼ੇਕ ਜੈਨ ਨੇ ਅੱਜ ਇਥੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੋਣ ਵਾਲੀ ਜਨਗਣਨਾ ਸਬੰਧੀ ਤਿਆਰੀਆਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਇਸ ਵਾਰ ਜਨਗਣਨਾ ਡਿਜੀਟਲ ਰੂਪ ਵਿਚ ਹੋਵੇਗੀ ਜਿਸ ਲਈ ਗਿਣਤੀਕਾਰ ਨੂੰ ਆਪਣੇ ਮੋਬਾਇਲ ਫੋਨ ’ਤੇ ਵਿਸ਼ੇਸ਼ ਰੂਪ ਵਿਚ ਤਿਆਰ ਕੀਤੀ ਐਪ ਡਾਊਨਲੋਡ ਕਰਨੀ ਪਵੇਗੀ।


ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਤੇ ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਜਨਗਣਨਾ ਸਬੰਧੀ ਮੀਟਿੰਗ ਕਰਦਿਆਂ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਅਤੇ ਪੰਜਾਬ ਦੇ ਡਾਇਰੈਕਟਰ ਜਨਗਣਨਾ ਡਾ. ਅਭਿਸ਼ੇਕ ਜੈਨ ਨੇ ਨਿਰਦੇਸ਼ ਦਿੱਤੇ ਕਿ ਸਮੇਂ ਸਿਰ ਲਾਜ਼ਮੀ ਲਿਸਟਾਂ ਦੀ ਤਿਆਰੀ ਯਕੀਨੀ ਬਣਾਈ ਜਾਵੇ ਅਤੇ ਬਲਾਕ ਪੱਧਰ ’ਤੇ ਗਿਣਤੀਕਾਰਾਂ ਦੇ ਯੂਨਿਟ ਸਥਾਪਤੀ ਲਈ ਤਿਆਰੀ ਵਿੱਢੀ ਜਾਵੇ।

ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਵਲੋਂ ਜਨਗਣਨਾ ਲਈ ਅਤਿ ਲੋੜੀਂਦੀਆਂ ਵਾਰਡਾਂ, ਮੁਹੱਲਿਆਂ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਆਦਿ ਦੀ ਢੁਕਵੀਂ ਸੂਚੀ ਤਿਆਰ ਕਰਕੇ ਭੇਜੀ ਜਾਵੇ ਤਾਂ ਜੋ ਜਨਗਣਨਾ ਲਈ ਅਗਲੇਰੀ ਕਾਰਵਾਈ ਸਮੇਂ ਸਿਰ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਬਣੇ ਨਵੇਂ ਵਾਰਡਾਂ ਅਤੇ ਕਲੋਨੀਆਂ ਆਦਿ ਨੂੰ ਵੀ ਲਿਸਟਾਂ ਵਿਚ ਸ਼ਾਮਲ ਕੀਤਾ ਜਾਵੇ ਤਾਂ ਜੋ ਹਰ ਖੇਤਰ ਨੂੰ ਜਨਗਣਨਾ ਦੇ ਘੇਰੇ ਵਿਚ ਲਿਆਂਦਾ ਜਾ ਸਕੇ।

ਜਨਮ ਅਤੇ ਮੌਤ ਦੇ ਸਰਟੀਫਿਕੇਟ ਬਨਾਉਣ ਵੇਲੇ ਲਾਜ਼ਮੀ ਨਿਯਮਾਂ ਦੀ ਪਾਲਣਾ ’ਤੇ ਜ਼ੋਰ ਦਿੰਦਿਆਂ ਡਾ. ਅਭਿਸ਼ੇਕ ਜੈਨ ਨੇ ਕਿਹਾ ਕਿ ਮੌਤ ਦਾ ਸਰਟੀਫਿਕੇਟ ਲੈਣ ਵੇਲੇ ਮੌਤ ਦਾ ਕਾਰਨ ਲਿਖਿਆ ਜਾਣਾ ਬਹੁਤ ਜ਼ਰੂਰੀ ਹੈ ਭਾਵੇਂ ਮੌਤ ਕਿਸੇ ਹਸਪਤਾਲ ਜਾਂ ਫ਼ਿਰ ਘਰ ਵਿਚ ਹੋਈ ਹੋਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਵੀ ਗਠਿਤ ਕੀਤੀ ਜਾਵੇ ਜਿਹੜੀ ਸਮੇਂ-ਸਮੇਂ ਸਿਰ ਇਨ੍ਹਾਂ ਹਦਾਇਤਾਂ ਦੀ ਪਾਲਣਾ ਦੀ ਸਮੀਖਿਆ ਕਰੇ।

ਵੱਖ-ਵੱਖ ਅਧਿਕਾਰੀਆਂ ਤੋਂ ਆਉਣ ਵਾਲੀ ਜਨਗਣਨਾ ਲਈ ਉਲੀਕੇ ਸਿਸਟਮ ਸਬੰਧੀ ਫੀਡ ਬੈਕ ਲੈਂਦਿਆਂ ਡਾ. ਜੈਨ ਨੇ ਦੱਸਿਆ ਕਿ ਸਰਕਾਰ ਵਲੋਂ ਜਨਗਣਨਾ ਤੋਂ ਪਹਿਲਾਂ ਜ਼ਮੀਨੀ ਪੱਧਰ ਤੱਕ ਲੋੜੀਂਦੀ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਇਸ ਵੱਡੇ ਕਾਰਜ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ। ਉਨ੍ਹਾਂ ਦੱਸਿਆ ਕਿ ਇਸ ਵਾਰ ਹੋਣ ਜਾ ਰਹੀ ਡਿਜੀਟਲ ਜਨਗਣਨਾ ਬਹੁਤ ਆਸਾਨ ਅਤੇ ਤੁਰੰਤ ਡਾਟਾ ਤਬਦੀਲ ਕਰਨ ਵਾਲੀ ਰਹੇਗੀ ਅਤੇ ਜੇਕਰ ਕਿਸੇ ਹਾਲਾਤ ਵਿਚ ਗਿਣਤੀਕਾਰ ਆਦਿ ਨੂੰ ਮੋਬਾਇਲ ਚਲਾਉਣ ਵਿਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਅਜਿਹੇ ਕੇਸਾਂ ਵਿਚ ਹੱਥੀ ਫਾਰਮ ਵੀ ਭਰੇ ਜਾ ਸਕਦੇ ਹਨ।

ਡਾ. ਜੈਨ ਨੇ ਦੱਸਿਆ ਕਿ ਗਿਣਤੀਕਾਰਾਂ ਵਲੋਂ ਘਰ-ਘਰ ਜਾ ਕੇ ਜਨਗਣਨਾ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਇਸ ਲਈ ਪਹਿਲਾਂ ਤੋਂ ਤਿਆਰ ਕੀਤੀ ਮੈਪਿੰਗ ਗਿਣਤੀਕਾਰਾਂ ਲਈ ਮਦਦਗਾਰ ਰਹੇਗੀ। ਉਨ੍ਹਾਂ ਦੱਸਿਆ ਕਿ ਜਨਗਣਨਾ ਲਈ ਨਾ ਤਾਂ ਫੰਡਾਂ ਦੀ ਘਾਟ ਆਵੇਗੀ ਅਤੇ ਸਬੰਧਤ ਸਟਾਫ਼ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਵੇਗੀ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜਨਗਣਨਾ ਇਕ ਬਹੁਤ ਮਹੱਤਵਪੂਰਨ ਕਾਰਜ ਹੈ ਜਿਸ ਨੂੰ ਪੂਰੀ ਤਨਦੇਹੀ ਨਾਲ ਨਿਯਮਾਂ ਅਨੁਸਾਰ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਨੇ ਡਾਇਰੈਕਟਰ ਜਨਗਣਨਾ ਨੂੰ ਭਰੋਸਾ ਦੁਆਇਆ ਕਿ ਜ਼ਿਲ੍ਹਾ ਅਧਿਕਾਰੀਆਂ ਵਲੋਂ ਇਸ ਕਾਰਜ ਲਈ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਕੇ ਜਨਗਣਨਾ ਸੁਚੱਜੇ ਢੰਗ ਨਾਲ ਮੁਕੰਮਲ ਕਰਵਾਈ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ ਨੇ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਦੀ ਮੈਪਿੰਗ ਕਰਵਾਈ ਜਾ ਚੁੱਕੀ ਹੈ ਅਤੇ ਜਨਗਣਨਾ ਸਬੰਧੀ ਤਿਆਰੀਆਂ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੋਜ ਅਫ਼ਸਰ (ਨਕਸ਼ੇ)-ਕਮ-ਇੰਚਾਰਜ ਸੀ.ਆਰ.ਐਸ. ਵਰਿੰਦਰ ਕੌਰ, ਜਨਗਣਨਾ ਓਪਰੇਸ਼ਨਜ਼ ਪੰਜਾਬ ਦੇ ਡਾਇਰੈਕਟੋਰੇਟ ਤੋਂ ਸਹਾਇਕ ਡਾਇਰੈਕਟਰ ਸੁਪ੍ਰਿਯਾ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।

About The Author

Leave a Reply

Your email address will not be published. Required fields are marked *