27 ਤੋਂ 29 ਜੂਨ ਤੱਕ ਮਾਈਗ੍ਰੇਟਰੀ ਰਾਉੰਡ ਤਹਿਤ 9903 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ- ਸਿਵਲ ਸਰਜਨ
ਸੰਗਰੂਰ 25 ਜੂਨ 2021 : ਜਿਲ੍ਹਾ ਸੰਗਰੂਰ ’ਚ 27 ਜੂਨ ਤੋਂ 29 ਜੂਨ 2021 ਤੱਕ ਮਾਈਗ੍ਰੇਟਰੀ ਪਲਸ ਪੋਲੀਓ ਰਾਉਂਡ ਤਹਿਤ 0 ਤੋਂ 5 ਸਾਲ ਦੇ ਪ੍ਰਵਾਸੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਹ ਜਾਣਕਾਰੀ ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਦਿੱਤੀ।
ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਇਸ ਮਾਈਗ੍ਰੇਟਰੀ ਰਾਉੰਡ ਲਈ ਸਿਹਤ ਵਿਭਾਗ ਵੱਲੋਂ ਮੁਕੰਮਲ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸਲੱਮ ਏਰੀਆ, ਝੁੱਗੀਆਂ ਝੌਂਪੜੀਆਂ, ੳਸਾਰੀ ਅਧੀਨ ਥਾਵਾਂ ,ਭੱਠਿਆਂ ਦੀਆਂ ਪਥੇਰਾਂ, ਫੈਕਟਰੀਆਂ ਆਦਿ ਦੀ ਸ਼ਨਾਖ਼ਤ ਕਰਕੇ ਸਿਹਤ ਟੀਮਾਂ ਵੱਲੋਂ ਸਾਰਾ ਡਾਟਾ ਇਕੱਠਾ ਕਰ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 67128 ਜਨਸੰਖਿਆ ਪਰਵਾਸੀ ਮਜ਼ਦੂਰਾਂ ਦੀ ਹੈ ਅਤੇ 12378 ਘਰਾਂ ਦੀ ਸ਼ਨਾਖਤ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਦੀ ਗਿਣਤੀ 9903 ਹੈ।
ਜਿਲ੍ਹਾ ਟੀਕਾਕਰਨ ਅਫਸਰ ਡਾ. ਭਗਵਾਨ ਸਿੰਘ ਨੇ ਦੱਸਿਆ ਕਿ ਕੋਈ ਵੀ ਪੰਜ ਸਾਲ ਤੱਕ ਦੀ ਉਮਰ ਦਾ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ 17 ਸੁਪਰਵਾਇਜਰਾਂ ਦੀ ਨਿਗਰਾਨੀ ਹੇਠ 48 ਰੈਗੂਲਰ ਅਤੇ 33 ਮੋਬਾਇਲ ਟੀਮਾਂ ਇਸ ਮੁਹਿੰਮ ਨੂੰ ਨੇਪਰੇ ਚਾੜਗੀਆਂ। ਉਨ੍ਹਾਂ ਦੱਸਿਆ ਕਿ ਤਿੰਨੇ ਦਿਨ ਹੀ ਸਿਹਤ ਟੀਮਾਂ ਪ੍ਰਵਾਸੀਆਂ ਦੇ ਘਰ ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਸੰਸਾਰ ਸਿਹਤ ਸੰਸਥਾ ਵੱਲੋਂ ਭਾਰਤ ਨੂੰ ਪੋਲੀਓ ਮੁਕਤ ਦੇਸ਼ ਘੋਸ਼ਤ ਕੀਤਾ ਜਾ ਚੁੱਕਿਆ ਹੈ ਪਰ ਗੁਆਂਢੀ ਮੁਲਕਾਂ ਵਿਚ ਪੋਲੀਓ ਵਾਇਰਸ ਮਿਲਣ ਕਰਕੇ ਇਹਤਿਆਤ ਵਜੋਂ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾ ਰਿਹਾ ਹੈ ।
ਇਸ ਮੌਕੇ ਸਿਵਲ ਸਰਜਨ ਦੀ ਅਗਵਾਈ ਵਿੱਚੇ ਪੋਲੀਓ ਸਬੰਧੀ ਬੈਨਰ ਵੀ ਰਿਲੀਜ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਇੰਦਰਜੀਤ ਸਿੰਗਲਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਜੇੈ ਕੁਮਾਰ , ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।