27 ਜੂਨ ਤੋਂ 24 ਜੁਲਾਈ ਤੱਕ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ – ਡਾ.ਅੰਜਨਾ ਗੁਪਤਾ
ਸੰਗਰੂਰ, 6 ਜੁਲਾਈ 2021 : ਸਿਵਲ ਸਰਜਨ ਡਾ. ਅੰਜਨਾ ਗੁਪਤਾ ਦੀ ਅਗਵਾਈ ਵਿੱਚ ਵਿਸ਼ਵ ਆਬਾਦੀ ਪੰਦਰਵਾੜੇ ਸਬੰਧੀ ਬੈਠਕ ਕੀਤੀ ਗਈ ਜਿਸ ਵਿੱਚ ਜਿਲਾ ਪਰਿਵਾਰ ਭਲਾਈ ਅਫਸਰ ਡਾ. ਇੰਦਰਜੀਤ ਸਿੰਗਲਾ, ਸਮੁੂਹ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ ਅਤੇ ਬੀ.ਈ.ਈ ਹਾਜ਼ਰ ਸਨ।
ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਫੈਮਿਲੀ ਪਲੈਨਿੰਗ ਰਾਹੀਂ ਵੱਧਦੀ ਹੋਈ ਆਬਾਦੀ ਨੂੰ ਸਥਿਰ ਰੱਖਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਜਿੱਥੇ ਇਸ ਨਾਲ ਪਰਿਵਾਰ ਆਰਥਿਕ ਤੌਰ ਤੇ ਮਜਬੂਤ ਹੋਣਗੇ ਉੱਥੇ ਹੀ ਦੇਸ਼ ਦੇ ਕੁਦਰਤੀ ਸਾਧਨਾਂ ਦੀ ਵੀ ਸੰਭਾਲ ਹੋਵੇਗੀ। ਉਨਾਂ ਕਿਹਾ ਕਿ ਪਰਿਵਾਰ ਨਿਯੋਜਨ ਨਾਲ ਮਾਵਾਂ ਅਤੇ ਬੱਚਿਆਂ ਦੀ ਸਿਹਤ ਠੀਕ ਰਹੇਗੀ ਤੇ ਮਾਂ ਦੀ ਮੌਤ ਦਰ ਅਤੇ ਬੱਚਿਆਂ ਦੀ ਮੌਤ ਦਰ ਘਟੇਗੀ।
ਇਸ ਮੌਕੇ ਡਾ. ਗੁਪਤਾ ਨੇ ਹਾਈ ਰਿਸਕ ਪ੍ਰੈਗਨੈਂਸੀ ਵੱਲ ਧਿਆਨ ਦਵਾਉਂਦੇ ਹੋਏ ਉਹਨਾਂ ਦਾ ਪੂਰਾ ਫਾਲੋਅੱਪ ਕਰਨ ਲਈ ਕਿਹਾ ਅਤੇ ਸੋ ਫੀਸ਼ਦੀ ਸੰਸਥਾਗਤ ਜਣੇਪੇ ਕਰਵਾਉਣ ਲਈ ਵੀ ਪ੍ਰੇਰਿਤ ਕਰਨ ਲਈ ਕਿਹਾ। ਉਨਾਂ ਕਿਹਾ ਕਿ ਸਾਰੇ ਹੀ ਫੀਲਡ ਸਟਾਫ ਨੂੰ ਆਪਣੇ-ਆਪਣੇ ਏਰੀਏ ਦੇ ਲੋਕਾਂ ਨੂੰ ਫੈਮਲੀ ਪਲੈਨਿੰਗ ਦੇ ਪੱਕੇ ਸਾਧਨਾਂ ਜਿਵੇਂ ਕਿ ਨਲਬੰਦੀ ਅਤੇ ਨਸਬੰਦੀ ਕਰਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨਾ ਕੋਰੋਨਾ ਵੈਕਸੀਨੇਸ਼ਨ ਦੌਰਾਨ ਸ਼ਲਾਘਾਯੋਗ ਕੰਮ ਕਰਨ ਤੇ ਸਮੂਹ ਫੀਲਡ ਸਟਾਫ ਨੂੰ ਵਧਾਈ ਦਿੱਤੀ ਹੈ ਅਤੇ ਉਨਾਂ ਨੇ ਹੋਰ ਮਿਹਨਤ ਨਾਲ ਸਾਰੇ ਹੀ ਪਿੰਡਾਂ/ਵਾਰਡਾਂ ਵਿੱਚ 100 ਫ਼ੀਸਦੀ ਵੈਕਸੀਨੇਸ਼ਨ ਕਵਰੇਜ ਕਰਵਾਉਣ ਲਈ ਵੀ ਕਿਹਾ ਗਿਆ।
ਵਿਜੈ ਕੁਮਾਰ ਜ਼ਿਲਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਪੰਦਰਵਾੜਾ ਤਹਿਤ ਮਿਤੀ 27 ਜੂਨ ਤੋਂ 10 ਜੁਲਾਈ ਤੱਕ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਨਸਬੰਦੀ ਤੇ ਨਲਬੰਦੀ ਆਪ੍ਰੇਸ਼ਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ।