ਹਰ ਯੋਗ ਲਾਭਪਾਤਰੀ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ ਭਲਾਈ ਸਕੀਮਾਂ ਦਾ ਲਾਭ : ਗੁਰਪ੍ਰੀਤ ਸਿੰਘ ਜੀਪੀ
ਫ਼ਤਹਿਗੜ੍ਹ ਸਾਹਿਬ/ਬਸੀ ਪਠਾਣਾਂ, 05 ਅਕਤੂਬਰ 2021 : ਹਰ ਯੋਗ ਲਾਭਪਾਤਰੀ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਦਿੱਤਾ ਜਾਣਾ ਯਕੀਨੀ ਬਣਾਇਆ ਜਾ ਰਿਹਾ ਹੈ ਤੇ ਕਿਸੇ ਵੀ ਲਾਭਪਾਤਰੀ ਨੂੰ ਸਕੀਮਾਂ ਦੇ ਲਾਭ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾ ਰਿਹਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀਪੀ ਨੇ ਪਿੰਡ ਚੁੰਨੀ ਕਲਾਂ ਵਿਖੇ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਲੋਕਾਂ ਨੂੰ ਦੇਣ ਲਈ ਲਾਏ ਗਏ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕੀਤਾ। ਇਸ ਮੌਕੇ ਮੈਡੀਕਲ ਚੈੱਕਅੱਪ ਕੈਂਪ ਅਤੇ ਕੋਰੋਨਾ ਵੈਕਸੀਨੇਸ਼ਨ ਕੈਂਪ ਵੀ ਲਾਇਆ ਗਿਆ।
ਉਹਨਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਅਜਿਹੇ ਕੈਂਪ ਲਗਾਉਣ ਦਾ ਮੁੱਖ ਮੰਤਵ ਜਿੱਥੇ ਲੋੜਵੰਦਾਂ ਤੇ ਯੋਗ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਦੇਣਾ ਯਕੀਨੀ ਬਨਾਉਣਾ ਹੈ, ਉਥੇ ਇਨ੍ਹਾਂ ਕੈਂਪਾਂ ਸਦਕਾ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ ਸਗੋਂ ਮੌਕੇ ‘ਤੇ ਹੀ ਬਹੁਤ ਸਾਰੇ ਕੇਸਾਂ ਵਿੱਚ ਬਣਦਾ ਲਾਭ ਯੋਗ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ।
ਕੈਂਪ ਦੌਰਾਨ ਭਰੇ ਗਏ ਵੱਖ ਵੱਖ ਸਕੀਮਾਂ ਤਹਿਤ ਫਾਰਮਾਂ ਦੀ ਪੜਤਾਲ ਕਰ ਕੇ ਬਿਨਾਂ ਕਿਸੇ ਦੇਰੀ ਤੋਂ ਯੋਗ ਲਾਭਪਾਤਰੀਆਂ ਛੇਤੀ ਤੋਂ ਛੇਤੀ ਲਾਭ ਦਿੱਤਾ ਜਾਣਾ ਯਕੀਨੀ ਬਣਾਇਆ ਗਿਆ। ਇਸ ਮੌਕੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਨੇ ਲੋਕਾਂ ਨੂੰ ਪਾਣੀ ਦੀ ਵੱਧ ਤੋਂ ਵੱਧ ਸੰਭਾਲ ਕਰਨ ਅਤੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਲਈ ਪ੍ਰੇਰਿਆ।
ਐਸ. ਡੀ. ਐਮ. ਬੱਸੀ ਪਠਾਣਾਂ ਸ਼੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵੱਖ-ਵੱਖ ਸਕੀਮਾਂ ਜਿਵੇਂ ਕਿ ਸ਼ਗਨ ਸਕੀਮ, ਪੈਨਸ਼ਨਾਂ, ਐੱਸ.ਸੀ.ਬੀ.ਸੀ. ਕਰਜ਼ਾ ਯੋਜਨਾ, ਘਰ-ਘਰ ਰੁਜ਼ਗਾਰ, ਮੁਦਰਾ ਲੋਨ, ਬੇਘਰਿਆਂ ਨੂੰ ਪਲਾਟ ਤੇ ਆਵਾਸ ਯੋਜਨਾ ਤਹਿਤ ਘਰ ਦੇਣ ਦੀ ਸਕੀਮ, ਸਕਿੱਲ ਡਿਵੈਲਪਮੈਂਟ ਸਿਖਲਾਈ ਦੀ ਜਾਣਕਾਰੀ, ਉਸਾਰੀ ਕਾਮਿਆਂ ਲਈ ਭਲਾਈ ਸਕੀਮਾਂ, ਮਗਨਰੇਗਾ ਤਹਿਤ ਰਜਿਸਟ੍ਰੇਸ਼ਨ, ਮੁੱਖ ਮੰਤਰੀ ਕੈਂਸਰ ਰਾਹਤ ਫੰਡ ਤਹਿਤ ਮੁਫ਼ਤ ਇਲਾਜ ਆਦਿ ਸਬੰਧੀ ਅਰਜ਼ੀਆਂ ਲਾਈਆਂ ਗਈਆਂ ਤੇ ਮੌਕੇ ਉਤੇ ਲਾਭ ਵੀ ਦਿੱਤਾ ਗਿਆ।
ਇਸ ਮੌਕੇ ਬਲਾਕ ਸੰਮਤੀ ਦੀ ਚੇਅਰਪਰਸਨ ਬਲਜੀਤ ਕੌਰ ,ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਨੁਮਾਇੰਦੇ, ਪਿੰਡਾਂ ਦੇ ਪੰਚ ਸਰਪੰਚ ਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।