ਝੋਨੇ ਦੀ ਖਰੀਦ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਅਧਿਕਾਰੀ : ਡਿਪਟੀ ਕਮਿਸ਼ਨਰ
ਸੰਗਰੂਰ, 04 ਅਕਤੂਬਰ 2021 : ਜ਼ਿਲ੍ਹੇ ਅੰਦਰ 03 ਅਕਤੂਬਰ ਤੋਂ ਸ਼ੁਰੂ ਹੋਈ ਝੋਨੇ ਦੀ ਖ਼ਰੀਦ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਖਰੀਦ ਏਜੰਸੀਆਂ ਸਮੇਤ ਸਮੁੱਚੇ ਅਮਲੇ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਖਰੀਦ ਪ੍ਰਕਿਰਿਆ ਲਈ ਤਾਇਨਾਤ ਅਧਿਕਾਰੀ ਆਪਸੀ ਤਾਲਮੇਲ ਨਾਲ ਸਮੁੱਚੇ ਕੰਮਾਂ ਨੂੰ ਨੇਪਰੇ ਚੜਾਉਣ, ਤਾਂ ਜੋ ਮੰਡੀਆਂ ਅੰਦਰ ਆਪਣੀ ਫ਼ਸਲ ਲੈ ਕੇ ਆਏ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਖਰੀਦ ਸੁਚਾਰੂ ਢੰਗ ਨਾਲ ਚੱਲਦੀ ਰਹੇ ਅਤੇ ਕਿਸਾਨਾਂ ਨੂੰ ਪਰੇਸਾਨ ਨਾ ਹੋਣਾ ਪਵੇ ਲਈ ਜਰੂਰੀ ਹੈ ਗਿੱਲਾ ਝੋਨਾ ਮੰਡੀ ਵਿੱਚ ਨਾ ਲਿਆਂਦਾ ਜਾਵੇ। ਉਨ੍ਹਾਂ ਮੰਡੀ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਝੋਨੇ ਦੀ ਨਮੀ ਗੇਟ ਉਤੇ ਚੈਕ ਕਰਕੇ ਹੀ ਟਰਾਲੀ ਮੰਡੀ ਅੰਦਰ ਜਾਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਆੜਤੀਆਂ ਨੂੰ ਬੋਗਸ ਬਿਲਿੰਗ ਤੋਂ ਰੋਕਣ ਅਤੇ ਸੈਲਰ ਵਾਲਿਆਂ ਨੂੰ ਬਾਹਰੋਂ ਝੋਨਾ ਲਿਆਉਣ ਤੋਂ ਰੋਕਣ ਲਈ ਵੀ ਸਾਰੇ ਪ੍ਬੰਧ ਕੀਤੇ ਗਏ ਹਨ, ਜਿੱਥੇ ਵੀ ਅਜਿਹਾ ਕੋਈ ਕੇਸ ਫੜਿਆ ਗਿਆ, ਉਥੇ ਸਖਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਰਾਮਵੀਰ ਨੇ ਕਿਹਾ ਕਿ ਮੰਡੀਆਂ ਅੰਦਰ ਖਰੀਦ ਦੇ ਪਹਿਲੇ ਦਿਨ 444 ਮੀਟਰਕ ਟਨ ਝੋਨਾ ਆਇਆ, ਜਿਸਦੇ ਵਿੱਚੋਂ 157 ਮੀਟਰਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ ਖਰੀਦ ਕੀਤੇ ਝੋਨੇ ਦੀ 5 ਲੱਖ 65 ਲੱਖ ਦੀ ਅਦਾਇਗੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਿਸਾਨਾਂ ਦੀ ਖਰੀਦ ਕੀਤੀ ਫਸਲ ਦੀ ਅਦਾਇਗੀ ਨੂੰ ਪਹਿਲ ਦੇ ਆਧਾਰ ’ਤੇ ਕਰਨ ਲਈ ਖਰੀਦ ਏਜੰਸੀਆਂ ਨੂੰ ਪਹਿਲਾ ਹੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।