ਪੰਜਾਬ ਸਰਕਾਰ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ : ਉੁੱਪ ਮੁੱਖ ਮੰਤਰੀ ਸ਼੍ਰੀ ਓ.ਪੀ.ਸੋਨੀ
ਲੁਧਿਆਣਾ, 02 ਅਕਤੂਬਰ 2021 : ਪੰਜਾਬ ਸਰਕਾਰ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ ਜਿਸ ਦਾ ਚੰਗਾ ਨਤੀਜਾ ਰੋਜ਼ਾਨਾ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਪਾਰਟੀ ਵੱਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਵਾਅਦਿਆਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਉੁੱਪ ਮੁੱਖ ਮੰਤਰੀ ਸ਼੍ਰੀ ਓ.ਪੀ.ਸੋਨੀ ਨੇ ਢੰਡਾਰੀ ਖੁਰਦ ਲੁਧਿਆਣਾ ਵਿਖੇ ਨਾਵਲਟੀ ਵੀਲਜ਼ ਮਹਿੰਦਰਾ ਦੇ ਸ਼ੋਅ ਰੂਮ ਪਹੁੰਚ ਕੇ ਮਹਿੰਦਰਾ ਵੱਲੋਂ ਨਵੇਂ ਮਾਡਲ ਦੀ ਗੱਡੀ ਐਕਸ.ਯੂ.ਵੀ. 700 ਦੀ ਲਾਚਿੰਗ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸ਼੍ਰੀ ਸੁਰਿੰਦਰ ਡਾਬਰ ਅਤੇ ਵਿਧਾਇਕ ਸ਼੍ਰੀ ਸੰਜੇ ਤਲਵਾੜ ਵਿਸ਼ੇ਼ਸ਼ ਤੌਰ ‘ਤੇ ਮੌਜੂਦ ਸਨ।
ਇਸ ਮੌਕੇ ਉੱਪ ਮੁੱਖ ਮੰਤਰੀ ਸ਼੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੋ ਵੀ ਲੋਕਾਂ ਦੀ ਭਲਾਈ ਲਈ ਲੋਕ ਭਲਾਈ ਸਕੀਮਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਅਸਲ ਲੋੜਵੰਦਾਂ ਅਤੇ ਯੋਗ ਲਾਭਪਾਤਰੀਆਂ ਤੱਕ ਪਹੁੰਚਣਾ ਯਕੀਨੀ ਬਣਾਇਆ ਜਾਵੇਗਾ ਅਤੇ ਕਮਜੋਰ ਵਰਗਾਂ ਦੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਵਲਟੀ ਵੀਲਜ਼ ਮਹਿੰਦਰਾ ਦੇ ਸ਼ੋਅ ਰੂਮ ਦੇ ਮਾਲਕ ਸ੍ਰ. ਨਵਤੇਜ਼ ਸਿੰਘ, ਰਿਜਨਲ ਮੈਨੇਜਰ ਸ਼੍ਰੀ ਅਸ਼ੀਸ਼ ਸ਼ਰਮਾ ਅਤੇ ਸ਼੍ਰੀ ਅਜੇ ਦਿਕਸ਼ਤ ਤੋਂ ਇਲਾਵਾ ਨਾਵਲਟੀ ਵੀਲਜ਼ ਮਹਿੰਦਰਾ ਦੇ ਸ਼ੋਅ ਰੂਮ ਦੇ ਸਟਾਫ ਮੈਂਬਰ ਅਤੇ ਹੋਰ ਹਾਜ਼ਰ ਸਨ।