ਪ੍ਰਸ਼ਾਸਨ ਦੀ ਤੁਰੰਤ ਦਖਲਅੰਦਾਜੀ ਸਦਕਾ ਗੰਨਾ ਉਤਪਾਦਕਾਂ ਨੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਲਾਇਆ ਜਾਮ ਖੋਲਿ੍ਹਆ

0

ਹੁਸ਼ਿਆਰਪੁਰ, 01 ਅਕਤੂਬਰ 2021 : ਸ਼ੂਗਰ ਮਿੱਲ ਮੁਕੇਰੀਆਂ ਵੱਲ ਕਿਸਾਨਾਂ ਦੀ 19.47 ਕਰੋੜ ਰੁਪਏ ਦੀ ਬਕਾਇਆ ਖੜ੍ਹੀ ਰਕਮ ਨੂੰ ਲੈ ਕੇ ਗੰਨਾ ਉਤਪਾਦਕਾਂ ਵਲੋਂ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਲਾਇਆ ਧਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਤੁਰੰਤ ਅਤੇ ਅਸਰਦਾਰ ਦਖਲਅੰਦਾਜੀ ਸਦਕਾ ਚੁੱਕੇ ਜਾਣ ਦੇ ਨਾਲ-ਨਾਲ ਪ੍ਰਸ਼ਾਸਨ ਨੇ ਮਿੱਲ ਮੈਨੇਜਮੈਂਟ ਅਤੇ ਕਿਸਾਨਾਂ ਵਿਚਾਲੇ ਭਖ ਰਹੇ ਮਸਲੇ ਨੂੰ ਹੱਲ ਕਰਵਾ ਕੇ ਕੌਮੀ ਮਾਰਗ ਖੁੱਲਵਾ ਦਿੱਤਾ।

ਇਸ ਦੇ ਨਾਲ ਹੀ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਨਾਲ ਮਿੱਲ ਮੈਨੇਜਮੈਂਟ ਵਲੋਂ ਵੀਰਵਾਰ ਦੇਰ ਸ਼ਾਮ ਨੂੰ ਕਿਸਾਨਾਂ ਦੇ ਖਾਤਿਆਂ ’ਚ 2.50 ਕਰੋੜ ਰੁਪਏ ਤਬਦੀਲ ਕੀਤੇ ਗਏ ਅਤੇ 2.50 ਕਰੋੜ ਰੁਪਏ ਸ਼ੁਕਰਵਾਰ ਸ਼ਾਮ ਤੱਕ ਖਾਤਿਆਂ ’ਚ ਪਾਉਣ ਦੇ ਨਾਲ-ਨਾਲ ਸੋਮਵਾਰ ਨੂੰ 2 ਕਰੋੜ ਰੁਪਏ ਹੋਰ ਕਿਸਾਨਾਂ ਨੂੰ ਦੇਣ ਦਾ ਭਰੋਸਾ ਦਿੱਤਾ ਗਿਆ।

ਸੋਮਵਾਰ ਤੱਕ ਕਿਸਾਨਾਂ ਦੇ ਖਾਤਿਆਂ ’ਚ 7 ਕਰੋੜ ਰੁਪਏ ਚਲੇ ਜਾਣ ਨਾਲ ਕੁੱਲ 19.47 ਕਰੋੜ ਰੁਪਏ ਵਿਚੋਂ ਰਹਿੰਦੀ ਬਕਾਇਆ ਰਾਸ਼ੀ ਅਗਲੇ 10 ਦਿਨਾਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਮਿੱਲ ਵਲੋਂ ਦੇ ਦਿੱਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਟੀਮ ਵਲੋਂ ਕਿਸਾਨਾਂ ਅਤੇ ਮਿੱਲ ਮੈਨੇਜਮੈਂਟ ਦੀ ਸਾਂਝੀ ਮੀਟਿੰਗ ਕਰਵਾਉਣ ਉਪਰੰਤ ਸਾਰਾ ਮਸਲਾ ਹੱਲ ਹੋਇਆ ਅਤੇ ਇਹ ਮੀਟਿੰਗ ਵੀਰਵਾਰ ਸਵੱਖਤੇ ਸ਼ੁਰੂ ਹੋਈ ਜੋ ਕਿ ਵੱਖ-ਵੱਖ ਚਾਰ ਪੜਾਵਾਂ ਵਿਚ ਹੋਈ ਜਿਸ ਨੂੰ ਕਰੀਬ 10 ਘੰਟਿਆਂ ਦਾ ਸਮਾਂ ਲੱਗਾ।

ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ਼ ਸਾਰੰਗਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੇਰੀਆਂ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਦੇ ਕਿਸਾਨਾਂ ਵਲੋਂ ਮਿੱਲ ਵੱਲ ਖੜ੍ਹੇ ਬਕਾਏ ਨੂੰ ਲੈ ਕੇ ਨੈਸ਼ਨਲ ਹਾਈਵੇ ’ਤੇ ਜਾਮ ਲਾਇਆ ਗਿਆ ਸੀ ਜਿਸ ਨਾਲ ਵੱਖ-ਵੱਖ ਤਰ੍ਹਾਂ ਦੀ ਐਮਰਜੈਂਸੀ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤ ਪੇਸ਼ ਆ ਰਹੀ ਸੀ।

ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਤੁਰੰਤ ਕਾਰਵਾਈ ਕਰਦਿਆਂ ਨਾ ਸਿਰਫ਼ ਮਸਲਾ ਹੱਲ ਕਰਵਾਇਆ ਗਿਆ ਸਗੋਂ ਲੋਕਲ ਐਸ.ਡੀ.ਐਮ. ਦੀ ਅਗਵਾਈ ਵਿਚ ਮਿੱਲ ਮੈਨੇਜਮੈਂਟ ਅਤੇ ਕਿਸਾਨਾਂ ਦੇ ਨੁਮਾਇੰਦਿਆਂ ’ਤੇ ਆਧਾਰਤ ਇਕ ਕਮੇਟੀ ਬਣਾ ਦਿੱਤੀ ਗਈ ਜਿਹੜੀ ਕਿ ਹਰ ਮਹੀਨੇ ਮੀਟਿੰਗ ਕਰਿਆ ਕਰੇਗਾ ਤਾਂ ਜੋ ਭਵਿੱਖ ਵਿਚ ਅਜਿਹੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਦੱਸਿਆ ਕਿ ਮਿੱਲ ਵਲੋਂ ਕਿਸਾਨਾਂ ਦੇ ਕੁੱਲ 304 ਕਰੋੜ ਰੁਪਏ ਵਿਚੋਂ 285 ਕਰੋੜ ਦੇ ਲਗਭਗ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਰਹਿੰਦੇ 19.47 ਕਰੋੜ ਰੁਪਏ ਵੀ ਆਉਂਦੇ 10 ਦਿਨਾਂ ਵਿਚ ਜਾਰੀ ਕਰ ਦਿੱਤੇ ਜਾਣਗੇ।

ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਕਿਸਾਨ ਸਿੱਧਾ ਧਰਨਾ ਲਾਉਣ ਤੋਂ ਪਹਿਲਾਂ ਆਪਣੇ ਮਸਲੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਜ਼ਰੂਰ ਲਿਆਉਣ ਤਾਂ ਜੋ ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੇ ਲੋਕਲ ਮਸਲਿਆਂ ਦੇ ਬਿਨ੍ਹਾਂ ਕਿਸੇ ਦੇਰੀ ਨਿਪਟਾਰੇ ਲਈ ਅਤੇ ਉਨ੍ਹਾਂ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

About The Author

Leave a Reply

Your email address will not be published. Required fields are marked *

error: Content is protected !!