ਬਿਆਸ ਦਰਿਆ ਦੇ ਕੰਢੇ ਬਣੇਗਾ 500 ਫੁੱਟ ਉਚਾ ਰੈਸਟੋਰੈਂਟ : ਡਿੰਪਾ

0

ਤਰਨਤਾਰਨ, 01 ਅਕਤੂਬਰ 2021 : ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ. ਜਸਬੀਰ ਸਿੰਘ ਡਿੰਪਾ, ਜੋ ਕਿ ਸਤਲੁਜ-ਬਿਆਸ ਦੇ ਸੰਗਮ ਅਤੇ ਬਿਆਸ ਦੇ ਮੰਡ ਖੇਤਰ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦਾ ਮੁੱਦਾ ਅਕਸਰ ਲੋਕ ਸਭਾ ਵਿਚ ਚੁੱਕਦੇ ਰਹੇ ਹਨ, ਦੇ ਵਿਚਾਰਾਂ ਨੂੰ ਉਸ ਵੇਲੇ ਵੱਡੀ ਤਾਕਤ ਮਿਲੀ, ਜਦੋਂ ਕੇਂਦਰ ਸਰਕਾਰ ਨੇ ਨਵੀਂ ਬਣ ਰਹੀ ਦਿੱਲੀ-ਕਟੜਾ ਹਾਈਵੇ ਸੜਕ ਦੇ ਕਿਨਾਰੇ, ਪਿੰਡ ਧੂੰਦਾ ਵਿਖੇ 500 ਫੁੱਟ ਉਚਾਈ ਉਤੇ ਰੈਸਟੋਰੈਂਟ ਬਨਾਉਣਾ ਮੰਨ ਲਿਆ।

ਇਹ ਜਾਣਕਾਰੀ ਨੈਸ਼ਨਲ ਹਾਈਵੇ ਦੇ ਪ੍ਰਾਜੈਕਟ ਡਾਇਰੈਕਟਰ ਸ੍ਰੀ ਸੁਨੀਲ ਯਾਦਵ ਨੇ ਸ. ਡਿੰਪਾ ਨਾਲ ਕੀਤੀ ਮੀਟਿੰਗ ਵਿਚ ਸਾਂਝੀ ਕਰਦੇ ਦੱਸਿਆ ਕਿ ਕਪੂਰਥਲਾ ਜਿਲ੍ਹੇ ਤੋਂ ਆਉਂਦੇ ਇਸ ਹਾਈਵੇ ਦੇ ਤਰਨਤਾਰਨ ਵਾਲੇ ਪਾਸੇ 500 ਫੁੱਟ ਉਚਾ ਟਾਵਰ ਬਣਾ ਕੇ ਇਹ ਰੈਸਟੋਰੈਂਟ ਬਣਾਇਆ ਜਾਵੇਗਾ, ਜੋ ਕਿ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗਾ।

ਇਸ ਮੌਕੇ ਨੈਸ਼ਨਲ ਹਾਈਵੇ ਦੇ ਐਕਸੀਅਨ ਸ੍ਰੀ ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਹਾਈਵੇ ਲਈ ਮੁੱਢਲੀ ਤਿਆਰੀ ਕਰ ਲਈ ਗਈ ਹੈ ਅਤੇ ਜ਼ਮੀਨ ਐਕਵਾਇਰ ਕਰਨ ਦੇ ਨਾਲ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਸ. ਡਿੰਪਾ ਨੇ ਇਸ ਪ੍ਰਾਜੈਕਟ ਲਈ ਸਰਕਾਰ ਦਾ ਧੰਨਵਾਦ ਕਰਦੇ ਦੱਸਿਆ ਕਿ ਇਸ ਖੇਤਰ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਦੀ ਮੇਰੀ ਚਿਰੋਕਣੀ ਇੱਛਾ ਸੀ ਅਤੇ ਮੈਂ ਲਗਾਤਾਰ ਇਹ ਮੰਗ ਵੀ ਕੇਂਦਰ ਸਰਕਾਰ ਕੋਲ ਵੱਖ-ਵੱਖ ਪਲੇਟਫਾਰਮਾਂ ਉਤੇ ਉਠਾਉਂਦਾ ਰਿਹਾ ਹਾਂ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਇਸ ਥਾਂ ਦੇ ਆਲੇ-ਦੁਆਲੇ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ ਸਹਿਮਤ ਹੋ ਗਈ ਹੈ ਅਤੇ ਇਹ ਥਾਂ ‘ਵਾਟਰ ਸਪੋਰਟਸ’ ਦਾ ਵੱਡਾ ਕੇਂਦਰ ਬਣੇਗਾ।

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਹਾਈਵੇ ਲਈ ਖਡੂਰ ਸਾਹਿਬ ਤਹਿਸੀਲ ਦੇ ਜਿੰਨਾ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ, ਦਾ ਮੁਆਵਜ਼ਾ ਰਾਸ਼ੀ ਕਰੀਬ 119 ਕਰੋੜ ਰੁਪਏ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ, ਜੋ ਕਿ ਅਗਲੇ ਹਫ਼ਤੇ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੇ ਜਾਣਗੇ। ਹਲਕਾ ਖਡੂਰ ਸਾਹਿਬ ਦੇ ਵਿਧਾਇਕ ਸ. ਰਮਨਜੀਤ ਸਿੰਘ ਸਿੱਕੀ, ਪੱਟੀ ਦੇ ਵਿਧਾਇਕ ਸ. ਹਰਮਿੰਦਰ ਸਿੰਘ ਗਿੱਲ, ਤਰਨਤਾਰਨ ਦੇ ਵਿਧਾਇਕ ਸ੍ਰੀ ਧਰਮਵੀਰ ਅਗਨੀਹੋਤਰੀ ਨੇ ਵੀ ਇਸ ਪ੍ਰਾਪਤੀ ਲਈ ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਡਿੰਪਾ ਦਾ ਧੰਨਵਾਦ ਕਰਦੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਸ. ਸਿੱਕੀ ਨੇ ਕਿਹਾ ਕਿ ਇਹ ਪ੍ਰਾਜੈਕਟ ਅਮਲ ਵਿਚ ਆਉਣ ਨਾਲ ਇਹ ਪਿਛੜਾ ਇਲਾਕਾ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ, ਕਿਉਂਕਿ ਸੈਰ ਸਪਾਟਾ ਸਨਅਤ ਵਿਚ ਰੋਜ਼ਗਾਰ ਦੀਆਂ ਅਥਾਹ ਸੰਭਾਵਨਾਵਾਂ ਹਨ। ਸ. ਗਿੱਲ ਨੇ ਇਸ ਨੂੰ ਸਮੁੱਚੇ ਇਲਾਕੇ ਲਈ ਵੱਡੀ ਪ੍ਰਾਪਤੀ ਦੱਸਦੇ ਕਿਹਾ ਕਿ ਇਸ ਨਾਲ ਹਰੀਕੇ ਵੈਟਲੈਂਡ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਦੀਆਂ ਯੋਜਨਾਵਾਂ ਵਿਚ ਤੇਜ਼ੀ ਆਵੇਗੀ ਅਤੇ ਇਹ ਇਲਾਕਾ ਵਿਸ਼ਵ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ।

ਸ੍ਰੀ ਧਰਮਵੀਰ ਅਗਨੀਹੋਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਤਰਨਤਾਰਨ ਆਉਣ ਵਾਲੇ ਸ਼ਰਧਾਲੂਆਂ ਲਈ ਵੀ ਖਿੱਚ ਦਾ ਕੇਂਦਰ ਹੋਵੇਗਾ, ਜਿਸ ਨਾਲ ਸ਼ਰਧਾਲੂ ਤਰਨਤਾਰਨ ਵਿਚ ਠਹਿਰਾਅ ਕਰਨ ਲਈ ਮਜ਼ਬੂਰ ਹੋਣਗੇ, ਜੋ ਕਿ ਹੋਟਲ ਸਨਅਤ ਲਈ ਚੰਗੀ ਖਬਰ ਹੈ।

About The Author

Leave a Reply

Your email address will not be published. Required fields are marked *