ਜ਼ਿਲ੍ਹਾ ਪੁਲਿਸ ਨੇ 10 ਲੱਖ 90 ਹਜ਼ਾਰ ਡਰੱਗ ਮਨੀ ਅਤੇ ਹੈਰੋਇਨ ਸਮੇਤ ਫੜੇ 3 ਸਮੱਗਲਰ
ਹੁਸ਼ਿਆਰਪੁਰ, 29 ਸਤੰਬਰ 2021 : ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ 10 ਲੱਖ 90 ਹਜ਼ਾਰ ਰੁਪਏ ਡਰੱਗ ਮਨੀ ਅਤੇ 70 ਗਰਾਮ ਹੈਰੋਇਨ ਸਮੇਤ 3 ਸਮੱਗਲਰਾਂ ਨੂੰ ਕਾਬੂ ਕੀਤਾ ਹੈ।
ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸ.ਐਸ.ਪੀ. ਅਮਨੀਤ ਕੌਂਡਲ ਦੇ ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਡੀ.ਐਸ.ਪੀ. (ਡੀ) ਰਾਕੇਸ਼ ਕੁਮਾਰ ਅਤੇ ਸੀ.ਆਈ.ਏ. ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਨੇ ਕਮੇਟੀ ਘਰ ਟੀ ਪੁਆਇੰਟ ਨੇੜੇ ਨਾਕਾਬੰਦੀ ਕਰਕੇ 3 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ’ਤੇ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪਵਿੱਤਰ ਸਿੰਘ ਵਾਸੀ ਪਿੰਡ ਹਸਲਪੁਰ, ਪਟਿਆਲਾ, ਸੰਜੇ ਯਾਦਵ ਵਾਸੀ ਵਾਰਡ ਨੰਬਰ 14 ਸੁੰਦਰ ਬਸਤੀ ਪਾਤੜਾਂ, ਨਰਿੰਦਰ ਸਿੰਘ ਵਾਸੀ ਪਿੰਡ ਭਾਮੀਆਂ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ।
ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਲਿਜਾਣ ਦੀ ਗੱਲ ਕਰਦਿਆਂ ਐਸ.ਪੀ. ਸੰਧੂ ਨੇ ਦੱਸਿਆ ਕਿ ਸਮੱਗਲਰਾਂ ਦਾ ਮੁੱਖ ਸਰਗਨਾ ਅਮਰੀਕ ਸਿੰਘ ਵਾਸੀ ਸਰਹੰਦ ਰੋਡ ਪਟਿਆਲਾ, ਜਿਸ ਦੇ ਖਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਸੀ. ਐਕਟ ਦੇ ਮੁਕੱਦਮੇ ਦਰਜ ਹਨ, ਪੁਲਿਸ ਨੂੰ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕ ਖਿਲਾਫ਼ ਥਾਣਾ ਮਾਹਿਲਪੁਰ ਵਿਚ 8 ਕਿਲੋ ਹੈਰੋਇਨ ਦਾ ਮਾਮਲਾ ਦਰਜ ਹੈ ਅਤੇ ਪੁਲਿਸ ਟੀਮਾਂ ਵਲੋਂ ਉਸ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੱਗਲਰਾਂ ਕੋਲ ਕਰੇਟਾ ਕਾਰ ਐਚ.ਆਰ. 06 ਜੈਡ 9009 ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਵਿੱਤਰ ਸਿੰਘ ਖਿਲਾਫ਼ 4 ਮੁਕੱਦਮੇ ਦਰਜ ਹਨ ਅਤੇ 2 ਮੁਕੱਦਮਿਆਂ ਵਿਚ ਉਸ ਨੂੰ ਸਜਾ ਹੋ ਚੁੱਕੀ ਹੈ ਜਿਨ੍ਹਾਂ ’ਚੋਂ ਇਕ ਉਹ ਜਮਾਨਤ ’ਤੇ ਹੈ। ਸੰਜੇ ਯਾਦਵ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੇ 8 ਮੁਕੱਦਮੇ ਦਰਜ ਹਨ ਜਿਨ੍ਹਾਂ ਵਿਚੋਂ ਇਕ ਵਿਚ ਸਜਾ ਹੋ ਚੁੱਕੀ ਹੈ ਅਤੇ ਉਹ ਜ਼ਮਾਨਤ ’ਤੇ ਸੀ।
ਇਸ ਮੌਕੇ ਡੀ.ਐਸ.ਪੀ. (ਡੀ) ਰਾਕੇਸ਼ ਕੁਮਾਰ, ਇੰਸਪੈਕਟਰ ਸ਼ਿਵ ਕੁਮਾਰ ਅਤੇ ਇੰਚਾਰਜ ਨਾਰਕੋਟਿਕ ਸੈਲ ਇੰਸਪੈਕਟਰ ਸੁਰਜੀਤ ਸਿੰਘ ਆਦਿ ਵੀ ਮੌਜੂਦ ਸਨ।