ਰਮਨਦੀਪ ਕੌਰ ਦੀ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਮਿਲੀ ਨੌਕਰੀ ਨਾਲ ਬਦਲੀ ਜ਼ਿੰਦਗੀ
ਫਤਹਿਗੜ੍ਹ ਸਾਹਿਬ, 29 ਸਤੰਬਰ 2021 : ਲੋਕਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਦਿਨ ਰਾਤ ਇਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਵੱਡੀ ਗਿਣਤੀ ਲੋਕ ਆਪਣੇ ਪੈਰਾਂ ਤੇ ਖੜ੍ਹੇ ਵੀ ਹੋਏ ਹਨ।
ਸਫ਼ਲਤਾ ਦੇ ਆਪਣੇ ਸਫ਼ਰ ਬਾਰੇ ਗੱਲ ਕਰਦਿਆਂ ਰਮਨਦੀਪ ਕੌਰ ਵਾਸੀ ਖਮਾਣੋ ਖੁਰਦ, ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਮਦਦ ਨਾਲ ਆਪਣੇ ਪੈਰਾਂ ਉਤੇ ਖੜੀ ਹੋਈ ਹੈ।
ਰਮਨਦੀਪ ਕੌਰ ਨੇ ਦੱਸਿਆ ਕਿ ਮੇਰੇ ਪਿਤਾ ਜੀ ਲੇਬਰ ਦਾ ਕੰਮ ਕਰਦੇ ਹਨ ਤੇ ਪਰਿਵਾਰ ਵਿੱਚ ਦੋ ਭੈਣ-ਭਰਾ ਤੇ ਮਾਤਾ ਪਿਤਾ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਹੇ ਸਨ, ਆਰਥਿਕ ਮੰਦਹਾਲੀ ਅਤੇ ਅੱਜ ਦੇ ਮਹਿੰਗੇ ਯੁੱਗ ਵਿੱਚ ਵੀ ਮੈਂ ਆਪਣੀ ਬੀ.ਏ., ਬੀ.ਐਡ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਸੁਪਨਾ ਲਿਆ ਕਿ ਪੜ੍ਹਾਈ ਤੋਂ ਬਾਅਦ ਮੈਂ ਇੱਕ ਚੰਗੀ ਟੀਚਰ ਦੀ ਨੌਕਰੀ ਕਰਾਂਗੀ।
ਪਰਪੜ੍ਹਾਈ ਖਤਮ ਹੋਣ ਤੋਂ ਬਾਅਦ ਮੈਨੂੰ ਚੰਗੀ ਨੌਕਰੀ ਲੱਭਣ ‘ਚ ਦਿੱਕਤ ਆਉਣ ਲੱਗੀ, ਫਿਰ ਮੈਨੂੰ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਫਤਿਹਗੜ੍ਹ ਸਾਹਿਬ ਜਾਣ ਦਾ ਮੌਕਾ ਮਿਲਿਆ, ਉੱਥੇ ਜਾ ਕੇ ਮੈਨੂੰ ਬਹੁਤ ਹੀ ਸੁਖਾਵਾਂ ਤੇ ਹਾਂ ਪੱਖੀ ਮਾਹੌਲ ਦੇਖਣ ਨੂੰ ਮਿਲਿਆ ਅਤੇ ਜਲਦੀ ਹੀ ਮੇਰੀ ਇੰਟਰਵਿਊ ਵੀ ਜਿਲ੍ਹਾ ਰੋਜ਼ਗਾਰ ਦਫ਼ਤਰ ਵਲੋਂ ਐਲ.ਆਈ.ਸੀ. ਵਿੱਚ ਕਰਵਾਈ ਗਈ।
ਇੰਟਰਵਿਊ ਤੋਂ ਬਾਅਦ ਮੈਂ ਟੈਸਟ ਵੀ ਪਾਸ ਕਰ ਲਿਆ ਤੇ ਮੈਂ ਬਤੌਰ ਫਾਇਨੈਸ਼ਲ ਅਡਵਾਇਜ਼ਰ ਕੰਮ ਕਰਨਾ ਸ਼ੁਰੂ ਕੀਤਾ। ਮੈਂ ਆਪਣੇ ਇਸ ਕੰਮ ਤੋਂ ਬਹੁਤ ਸੰਤੁਸ਼ਟ ਹਾਂ ਅਤੇ ਹੁਣ ਮੈਂ ਆਪਣੇ ਪਰਿਵਾਰ ਦੀ ਵੀ ਮਦਦ ਕਰ ਪਾਉਂਦੀ ਹਾਂ।
ਰਮਨਦੀਪ ਕੌਰ ਨੇ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਉਪਰਾਲਿਆਂ ਸਦਕਾ ਅੱਜ ਮੈਂ ਆਪਣੇ ਪੈਰਾਂ ਤੇ ਖੜ੍ਹ ਸਕੀ ਅਤੇ ਉਸਨੇ ਹੋਰਨਾਂ ਨੌਜਵਾਨਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਵੀ ਰੋਜ਼ਗਾਰ ਨਾਲ ਸਬੰਧਤ ਜਾਣਕਾਰੀ ਅਤੇ ਸਹਾਇਤਾ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸੰਪਰਕ ਕਰਨ ਅਤੇ ਆਪਣੇ ਸੁਪਨੇ ਸਾਕਾਰ ਕਰਨ।